ਰੇੜ੍ਹੀ-ਫੜ੍ਹੀ ਵਾਲਿਆਂ ਨੂੰ ਹੱਕ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

0
92

ਜਲਾਲਾਬਾਦ (ਰਣਬੀਰ ਕੌਰ ਢਾਬਾਂ)
ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਬਣੇ ਸ਼ੈੱਡ ਵਿੱਚ ਰੇੜ੍ਹੀ-ਫ਼ੜ੍ਹੀ ਦਾ ਕੰਮ ਕਰਨ ਵਾਲਿਆਂ ਦੀਆਂ ਰੇੜ੍ਹੀਆਂ ਜਬਰੀ ਚੁਕਵਾਉਣ ਖ਼ਿਲਾਫ਼ ਵੀਰਵਾਰ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਤੀਜੇ ਦਿਨ ’ਚ ਦਾਖਲ ਹੋ ਗਿਆ।
ਰੋਸ ਪ੍ਰਦਰਸ਼ਨ ਦੀ ਅਗਵਾਈ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮੀਤ, ਸਕੱਤਰ ਸੁਰਿੰਦਰ ਢੰਡੀਆਂ, ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ, ਜੋਗਾ ਸਿੰਘ, ਹਰਜੀਤ ਕੌਰ ਢੰਡੀਆਂ, ਰੇੜ੍ਹੀ-ਫ਼ੜ੍ਹੀ ਵਾਲਿਆਂ ਦੇ ਆਗੂ ਸੁਰਿੰਦਰ ਸਿੰਘ, ਸੰਨੀ ਹਾਂਡਾ, ਲਵਲੀ ਕੁਮਾਰ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਕੰਬੋਜ ਨੇ ਕੀਤੀ।ਪ੍ਰਦਰਸ਼ਨ ਸ਼ੁਰੂ ਹੋਣ ਮੌਕੇ ਹੀ ਆਗੂਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਹੜਾ ਸਮਾਨ ਰੇੜ੍ਹੀ-ਫ਼ੜ੍ਹੀ ਵਾਲਿਆਂ ਦਾ ਮਾਰਕੀਟ ਕਮੇਟੀ ਵੱਲੋਂ ਪੁਲਸ ਦੇ ਜਬਰ ਰਾਹੀਂ ਚੁੱਕ ਕੇ ਲਿਜਾਇਆ ਗਿਆ ਹੈ, ਉਹਨਾਂ ਨੂੰ ਤੁਰੰਤ ਵਾਪਸ ਕੀਤਾ ਜਾਵੇ, ਨਹੀਂ ਤਾਂ ਰੋਡ ਜਾਮ ਕਰਕੇ ਪੁਤਲੇ ਫੂਕੇ ਜਾਣਗੇ। ਇਸ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲਸ ਮੁਖੀ ਗੁਰਮੀਤ ਸਿੰਘ ਦੇ ਦਖ਼ਲ ’ਤੇ ਮਾਰਕੀਟ ਕਮੇਟੀ ਵੱਲੋਂ ਰੇੜ੍ਹੀ-ਫ਼ੜ੍ਹੀ ਵਾਲਿਆਂ ਦਾ ਚੁੱਕਿਆ ਜਬਰੀ ਸਮਾਨ ਵਾਪਸ ਕਰਵਾਇਆ ਗਿਆ, ਜਿਸ ’ਤੇ ਆਗੂਆਂ ਵੱਲੋਂ ਰੋਡ ਜਾਮ ਕਰਨ ਦਾ ਫੈਸਲਾ ਵਾਪਸ ਲਿਆ ਗਿਆ, ਪ੍ਰੰਤੂ ਧਰਨਾ ਉਸ ਸਮੇਂ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ, ਜਦੋਂ ਤੱਕ ਰੇੜ੍ਹੀ-ਫ਼ੜ੍ਹੀ ਵਾਲਿਆਂ ਨੂੰ ਉਹਨਾਂ ਦੇ ਬਣਦੇ ਹੱਕ ਪ੍ਰਾਪਤ ਨਹੀਂ ਹੋ ਜਾਂਦੇ।
ਆਗੂਆਂ ਕਿਹਾ ਕਿ ਰੇੜ੍ਹੀ-ਫ਼ੜ੍ਹੀ ਵਾਲਿਆਂ ਨੂੰ ਪਹਿਲਾਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੁਮਾਰ ਗੋਲਡੀ ਕੰਬੋਜ ਵੱਲੋਂ ਉਦਘਾਟਨ ਕਰਕੇ ਅਲਾਟ ਕੀਤੇ ਗਏ ਰੇੜ੍ਹੀ-ਫੜ੍ਹੀ ਸ਼ੈੱਡ ਨੂੰ ਕਿਸੇ ਵੀ ਕੀਮਤ ’ਤੇ ਖੋਹਣ ਨਹੀਂ ਦਿੱਤਾ ਜਾਵੇਗਾ। ਕਾਂਗਰਸ ਆਗੂ ਅਤੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਅਤੇ ਓ ਬੀ ਸੀ ਸੈੱਲ ਦੇ ਪ੍ਰਧਾਨ ਅਤੇ ਕਾਂਗਰਸ ਦੇ ਆਗੂ ਰਾਜ ਬਖਸ਼ ਕੰਬੋਜ ਨੇ ਵੀ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਹਮਾਇਤ ਦਾ ਐਲਾਨ ਕੀਤਾ।ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ, ਬਲਵੰਤ ਚੌਹਾਣਾ, ਭਜਨ ਲਾਲ ਫਾਜ਼ਿਲਕਾ, ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਪ੍ਰੇਮ ਸਿੰਘ, ਸੰਦੀਪ ਜੋਧਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਤਰ ਬਰਾੜ, ਚੰਨ ਸਿੰਘ ਸੈਦੋਕੇ, ਬਲਵਿੰਦਰ ਮਹਾਲਮ, ਸੋਨਾ ਧੁਨਕੀਆਂ, ਏ ਆਈ ਐੱਸ ਐੱਫ ਦੀ ਆਗੂ ਨੀਰਜ ਫਾਜ਼ਿਲਕਾ ਅਤੇ ਕੁਲਜੀਤ ਕੌਰ ਕਾਠਗੜ੍ਹ ਨੇ ਵੀ ਸੰਬੋਧਨ ਕੀਤਾ।