ਦਿੱਲੀ : ਦਿੱਲੀ ਪੁਲੀਸ ਨੇ ਵਸੰਤ ਕੁੰਜ ਵਿੱਚ 17 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲੇ ਵਿੱਚ ਗਿ੍ਰਫਤਾਰ ਸਵਾਮੀ ਚੇਤਨਯਾਨੰਦ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਦੋਸ਼ੀ ਦਾ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ ਸੀ। ਪੁਲੀਸ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੀ ਬੇਨਤੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਸਵਾਮੀ ਵਿਰੁੱਧ ਜਾਅਲਸਾਜ਼ੀ ਅਤੇ ਜਾਅਲੀ ਲਾਇਸੈਂਸ ਪਲੇਟਾਂ ਲਗਾਉਣ ਦੇ ਦੋ ਵੱਖ-ਵੱਖ ਮਾਮਲੇ ਵੀ ਦਰਜ ਹਨ। ਸਵਾਮੀ ਚੇਤਨਯਾਨੰਦ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਦੇ ਹੋਟਲ ਫਸਟ ਤਾਜਗੰਜ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਚੇਤਨਯਾਨੰਦ ਅਲਮੋੜਾ ਦੇ ਇੱਕ ਹੋਟਲ ਵਿੱਚ ਵਿਦਿਆਰਥਣਾਂ ਨਾਲ ਠਹਿਰਿਆ ਸੀ। ਇਸ ਦੀ ਪੁਸ਼ਟੀ ਉੱਤਰਾਖੰਡ ਵਿੱਚ ਬਾਬਾ ਵਿਰੁੱਧ ਸਬੂਤ ਇਕੱਠੇ ਕਰਨ ਲਈ ਪਹੁੰਚੀ ਪੁਲੀਸ ਟੀਮ ਨੇ ਕੀਤੀ। ਟੀਮ ਉੱਥੋਂ ਦੇ ਸਟਾਫ਼ ਤੋਂ ਬਾਬਾ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਨੇ ਤਿੰਨ ਵਾਰਡਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਸੰਸਥਾ ਵਿੱਚ ਬਾਬਾ ਦੀਆਂ ਗਤੀਵਿਧੀਆਂ ਨੂੰ ਲੁਕਾਇਆ ਅਤੇ ਵਿਦਿਆਰਥਣਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਉਜਾਗਰ ਨਹੀਂ ਹੋਣ ਦਿੱਤਾ। ਪੁਲੀਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਵਿਦਿਆਰਥਣਾਂ ਨੂੰ ਮਹਿੰਗੇ ਤੋਹਫ਼ੇ ਵੀ ਦਿੱਤੇ। ਉਸ ਨੇ ਉਨ੍ਹਾਂ ਨੂੰ ਮਹਿੰਗੇ ਕੱਪੜੇ ਅਤੇ ਗਹਿਣੇ ਵੀ ਦਿੱਤੇ। ਪੁਲੀਸ ਅਧਿਕਾਰੀਆਂ ਦੇ ਅਨੁਸਾਰ ਆਸ਼ਰਮ ਵਿੱਚ ਉਸ ਦੇ ਕਮਰੇ ਵਿੱਚੋਂ ਪ੍ਰਧਾਨ ਮੰਤਰੀ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇੱਕ ਹੋਰ ਬਿ੍ਰਟਿਸ਼ ਆਗੂ ਨਾਲ ਉਸ ਦੀਆਂ ਫੋਟੋਆਂ ਮਿਲੀਆਂ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੇ ਏ ਆਈ ਦੀ ਵਰਤੋਂ ਕਰਕੇ ਇਹ ਨਕਲੀ ਫੋਟੋਆਂ ਬਣਾਈਆਂ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।




