ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਸੌ ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਵਾਰ ਪਾਬੰਦੀ ਦਾ ਸਾਹਮਣਾ ਕਰਨ ਵਾਲੀ ਇਸ ਜਥੇਬੰਦੀ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਭੂਮਿਕਾ ਤੇ ‘ਅੰਗਰੇਜ਼ਾਂ ਦੇ ਅੱਤਿਆਚਾਰ ਸਹਿਣ’ ਦਾ ਸਰੇਆਮ ਝੂਠ ਬੋਲਦਿਆਂ ਜਿਹੜਾ ਸਿੱਕਾ ਜਾਰੀ ਕੀਤਾ, ਉਸ ਵਿੱਚ ਭਾਰਤ ਮਾਤਾ ਦੇ ਹੱਥ ਵਿੱਚ ਤਿਰੰਗਾ ਨਹੀਂ, ਭਗਵਾਂ ਝੰਡਾ ਹੈ, ਜਿਹੜਾ ਸੰਘ ਦੀਆਂ ਸ਼ਾਖਾਵਾਂ ਵਿੱਚ ਲਹਿਰਾਇਆ ਜਾਂਦਾ ਹੈ। ਮੋਦੀ ਸਰਕਾਰ ਦੀ ਇਹ ਹਰਕਤ ਭਾਰਤ ਦੇ ਕੌਮੀ ਝੰਡੇ, ਸੰਵਿਧਾਨ ਤੇ ਆਜ਼ਾਦੀ ਦੇ ਸੰਘਰਸ਼ਾਂ ਵਿੱਚ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਹੀ ਨਹੀਂ, ਸਰਹੱਦਾਂ ’ਤੇ ਸ਼ਹੀਦ ਹੋਣ ਵਾਲੇ ਉਨ੍ਹਾਂ ਸੈਨਕਾਂ ਦਾ ਵੀ ਅਪਮਾਨ ਹੈ, ਜਿਹੜੇ ਤਿਰੰਗੇ ਵਿੱਚ ਲਿਪਟ ਕੇ ਆਪਣੇ ਘਰ ਵਾਪਸ ਆਉਦੇ ਹਨ। ਸੰਵਿਧਾਨ ਉੱਤੇ ਹਮਲਾਵਰ ਹੋਣ ਦੇ ਤਮਾਮ ਦੋਸ਼ਾਂ ਨੂੰ ਨਕਾਰਦਿਆਂ ਮੋਦੀ ਵਾਰ-ਵਾਰ ਸੰਵਿਧਾਨ ਨੂੰ ਮੱਥੇ ਨਾਲ ਲਾ ਕੇ ਤਸਵੀਰ ਖਿਚਵਾਉਦੇ ਹਨ, ਪਰ ਹਕੀਕਤ ਇਹ ਹੈ ਕਿ ਉਨ੍ਹਾ ਦਾ ਇਹ ਸਿੱਕਾ ਸੰਵਿਧਾਨ ਦੀ ਆਤਮਾ ਨੂੰ ਦਾਗ਼ਣ ਵਰਗਾ ਹੈ। ਮੋਦੀ ਜਾਣਦੇ ਹਨ ਕਿ ਅਜੇ ਗੁਰੂ ਗੋਲਵਲਕਰ ਵਾਂਗ ਆਪਣੇ ਸੁਫਨਿਆਂ ਦੇ ਝੰਡੇ ਨੂੰ ਲੈ ਕੇ ਸੱਚ ਬੋਲਣ ਦਾ ਸਮਾਂ ਨਹੀਂ ਆਇਆ ਹੈ। ਤਿਰੰਗੇ ਦੇ ਕੌਮੀ ਝੰਡਾ ਹੋਣ ਦੇ ਐਲਾਨ ਦੇ ਬਾਅਦ ਆਰ ਐੱਸ ਐੱਸ ਦੇ ਤੱਤਕਾਲੀਨ ਮੁਖੀ ਗੁਰੂ ਗੋਲਵਲਕਰ ਨੇ 14 ਅਗਸਤ 1947 ਨੂੰ ਸੰਘ ਦੇ ਅੰਗਰੇਜ਼ੀ ਤਰਜਮਾਨ ‘ਆਰਗੇਨਾਈਜ਼ਰ’ ਵਿੱਚ ਲਿਖਿਆ ਸੀ-ਜਿਹੜੇ ਲੋਕ ਕਿਸਮਤ ਦੇ ਦਾਅ ਨਾਲ ਸੱਤਾ ਤੱਕ ਪੁੱਜੇ ਹਨ, ਉਹ ਭਲੇ ਹੀ ਸਾਡੇ ਹੱਥਾਂ ਵਿੱਚ ਤਿਰੰਗੇ ਫੜਾ ਦੇਣ, ਪਰ ਹਿੰਦੂਆਂ ਵੱਲੋਂ ਨਾ ਇਸ ਨੂੰ ਕਦੇ ਸਨਮਾਨਤ ਕੀਤਾ ਜਾ ਸਕੇਗਾ ਤੇ ਨਾ ਅਪਣਾਇਆ ਜਾ ਸਕੇਗਾ। ਤਿੰਨ ਦਾ ਅੰਕੜਾ ਆਪਣੇ-ਆਪ ਵਿੱਚ ਅਸ਼ੁੱਭ ਹੈ ਅਤੇ ਇੱਕ ਅਜਿਹਾ ਝੰਡਾ ਜਿਸ ਵਿੱਚ ਤਿੰਨ ਰੰਗ ਹੋਣ, ਬੇਹੱਦ ਖਰਾਬ ਮਨੋਵਿਗਿਆਨਕ ਅਸਰ ਪਾਵੇਗਾ ਤੇ ਦੇਸ਼ ਲਈ ਨੁਕਸਾਨਦੇਹ ਹੋਵੇਗਾ।
ਸਰਦਾਰ ਪਟੇਲ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਗੋਲਵਲਕਰ ਨੂੰ ਹਿੰਦੂ ਧਰਮ ਬਾਰੇ ਕੁਝ ਨਹੀਂ ਪਤਾ। ਹਿੰਦੂ ਧਰਮ ਦੇ ਮੁੱਖ ਦੇਵਤਾ ਤਿੰਨ ਹੀ ਹਨ-ਬ੍ਰਹਮਾ, ਵਿਸ਼ਣੂ, ਮਹੇਸ਼। ਸੰਘ ਦੇ ਸੌ ਸਾਲ ਪੂਰੇ ਹੋਣ ’ਤੇ ਮੋਦੀ ਨੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ, ਜਿਸ ਵਿੱਚ 1963 ਦੀ ਗਣਤੰਤਰ ਦਿਵਸ ਪਰੇਡ ਵਿੱਚ ਸੰਘ ਦੇ ਸੋਇਮ ਸੇਵਕਾਂ ਦੇ ਮਾਰਚ ਦਾ ਚਿੱਤਰ ਹੈ। ਪੂਰਾ ਮੀਡੀਆ ਇਹ ਦੱਸਣ ਵਿੱਚ ਜੁਟ ਗਿਆ ਕਿ ਨਹਿਰੂ ਨੇ ਸੰਘ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸੱਦਿਆ ਸੀ। ਸਚਾਈ ਇਹ ਹੈ ਕਿ ਉਸ ਸਾਲ ਗਣਤੰਤਰ ਦਿਵਸ ’ਤੇ ਹੋਣ ਵਾਲੀ ਪਰੇਡ ਹੋਈ ਹੀ ਨਹੀਂ ਸੀ। ਚੀਨ ਨਾਲ ਜੰਗ ਕਾਰਨ ਸੈਨਾਵਾਂ ਮੋਰਚੇ ’ਤੇ ਸਨ। ਉਦੋਂ ਇੱਕ ‘ਨਾਗਰਿਕ ਮਾਰਚ’ ਕੱਢਣ ਦਾ ਫੈਸਲਾ ਕੀਤਾ ਗਿਆ ਸੀ ਤੇ ਆਮ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਸੀ। ਇਨ੍ਹਾਂ ਦੀ ਆੜ ਵਿੱਚ ਸੰਘ ਦੇ ਗਣਵੇਸ਼ਧਾਰੀ ਵੀ ਸ਼ਾਮਲ ਹੋ ਗਏ। ਮਹਾਤਮਾ ਗਾਂਧੀ ਦੀ ਹੱਤਿਆ ਨੂੰ ਲੈ ਕੇ ਲੱਗੇ ਦਾਗ ਨੂੰ ਲੁਕੋਂਦੇ ਫਿਰਦੇ ਸੰਘ ਲਈ ਇਹ ਦੇਸ਼ਭਗਤੀ ਦਿਖਾਉਣ ਦਾ ਚੰਗਾ ਮੌਕਾ ਸੀ, ਜਿਸ ਦਾ ਉਸ ਨੇ ਇਸਤੇਮਾਲ ਕੀਤਾ। ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਨਹੀਂ ਗਿਆ ਸੀ।
ਦਰਅਸਲ ਝੂਠ ਤੇ ਫਰੇਬ ਵਿੱਚ ਸੰਘ ਤੇ ਉਸ ਦੀਆਂ ਜਥੇਬੰਦੀਆਂ ਦਾ ਕੋਈ ਸਾਨੀ ਨਹੀਂ। ਧਰਮ-ਨਿਰਪੱਖ ਸੰਵਿਧਾਨ ਨੂੰ ਨਸ਼ਟ ਕਰਕੇ ਮਨੂੰਵਾਦੀ ਸਿਧਾਂਤਾਂ ’ਤੇ ਅਧਾਰਤ ਹਿੰਦੂ ਰਾਜ ਬਣਾਉਣਾ ਹੀ ਉਸ ਦਾ ਨਿਸ਼ਾਨਾ ਹੈ। ਉਸ ਨੇ ਭਾਰਤ ਮਾਤਾ ਦੇ ਹੱਥ ’ਚੋਂ ਤਿਰੰਗਾ ਖੋਹ ਕੇ ਭਗਵਾਂ ਫੜਾ ਦਿੱਤਾ ਹੈ, ਜੋ ਸੰਵਿਧਾਨ ’ਤੇ ਸਿੱਧੀ ਸੱਟ ਹੈ, ਪਰ ਮੋਦੀ ਇਹ ਭੁੱਲ ਗਏ ਹਨ ਕਿ ਸੱਤਾ ਦੀ ਤਾਕਤ ਨਾਲ ਚਲਾਇਆ ਗਿਆ ਝੂਠ ਦਾ ਸਿੱਕਾ ਇਤਿਹਾਸ ਦੇ ਕੂੜੇਦਾਨ ਵਿੱਚ ਜਾਂਦਾ ਹੈ। ਇਤਿਹਾਸ ਵਿੱਚ ਸਿਰਫ ਸੱਚ ਦਾ ਸਿੱਕਾ ਚਲਦਾ ਹੈ।



