ਵਾਂਗਚੁੱਕ ਦੀ ਰਿਹਾਈ

0
2

ਵਿਸ਼ਵ ਪ੍ਰਸਿੱਧ ਜਲਵਾਯੂ ਕਾਰਕੁੰਨ ਸੋਨਮ ਵਾਂਗਚੁੱਕ ਨੂੰ ਦੇਸ਼ਧ੍ਰੋਹੀ ਗਰਦਾਨਦੇ ਹੋਏ 26 ਸਤੰਬਰ 2025 ਨੂੰ ਅਚਾਨਕ ਕੌਮੀ ਸੁਰੱਖਿਆ ਐਕਟ (ਐੱਨ ਐੱਸ ਏ) ਤਹਿਤ ਗਿ੍ਫਤਾਰ ਕਰ ਲਿਆ ਅਤੇ ਸਿੱਧੇ ਜੋਧਪੁਰ ਜੇਲ੍ਹ ਭੇਜ ਦਿੱਤਾ | ਲੱਦਾਖ ‘ਚ ਮਨਫੀ ਡਿਗਰੀ ਵਿੱਚ ਰਹਿਣ ਵਾਲੇ ਨੂੰ ਗਰਮ ਸ਼ਹਿਰ ‘ਚ ਨਰੜ ਦਿੱਤਾ | ਇਸੇ ਦੌਰਾਨ ਗੋਦੀ ਮੀਡੀਆ ‘ਤੇ ਇਹ ਧੁਮਾਇਆ ਗਿਆ ਕਿ ਵਾਂਗਚੁੱਕ ਪਾਕਿਸਤਾਨ ਦਾ ਏਜੰਟ ਹੈ | ਅਚਾਨਕ ਹੀ ਭਾਰਤ ਸਰਕਾਰ ਨੇ ਸ਼ਨਿੱਚਰਵਾਰ ਉਨ੍ਹਾ ਨੂੰ ਬੇਦਾਗ ਐਲਾਨਦਿਆਂ ਜੇਲ੍ਹ ਵਿੱਚੋਂ ਬਾਹਰ ਕੱਢ ਦਿੱਤਾ | ਹੋਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਦੱਸਿਆ ਗਿਆ ਹੈ ਕਿ ਲੱਦਾਖ ਵਿੱਚ ਹੋ ਰਹੇ ਅੰਦੋਲਨਾਂ ਨੂੰ ਸ਼ਾਂਤ ਕਰਨ ਲਈ ਛੱਡਿਆ ਗਿਆ ਹੈ |
ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਉਨ੍ਹਾ ਨੂੰ ਜੈੱਨ ਜ਼ੈੱਡ ਦੇ ਹਿੰਸਕ ਅੰਦੋਲਨ ਲਈ ਦੋਸ਼ੀ ਠਹਿਰਾਇਆ ਗਿਆ ਤੇ ਫਿਰ ਲੱਦਾਖ ਵਿੱਚ ਅਮਨ ਕਾਇਮ ਕਰਨ ਲਈ ਰਿਹਾਅ ਕਰ ਦਿੱਤਾ ਗਿਆ | ਉਨ੍ਹਾ ‘ਤੇ ਦੇਸ਼ਧ੍ਰੋਹ ਦਾ ਦੋਸ਼ ਮੜਿ੍ਹਆ ਗਿਆ, ਪਾਕਿਸਤਾਨੀ ਏਜੰਟ ਦੱਸਿਆ ਗਿਆ ਤੇ ਫਿਰ ਸੁਪਰੀਮ ਕੋਰਟ ਵਿੱਚ ਬਿਨਾਂ ਸਬੂਤ ਕਿਰਕਿਰੀ ਕਰਾਉਣ ਤੋਂ ਐਨ ਪਹਿਲਾਂ ਮਾਮਲਾ ਖਤਮ ਕਰ ਦਿੱਤਾ ਗਿਆ |
ਵਾਂਗਚੁੱਕ ਦਾ ਕਸੂਰ ਸਿਰਫ ਇਹ ਸੀ ਕਿ ਉਨ੍ਹਾ ਸਰਕਾਰ ਵੱਲੋਂ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਤੇ ਛੇਵੀਂ ਅਨੁਸੂਚੀ ਵਿੱਚ ਪਾਉਣ ਦਾ ਵਾਅਦਾ ਨਾ ਨਿਭਾਉਣ ਖਿਲਾਫ ਬਰਫ ਵਿੱਚ ਭੁੱਖ ਹੜਤਾਲ ਰੱਖੀ ਸੀ | ਜਦ ਉਨ੍ਹਾ ਦੇ ਦੋ ਸਾਥੀ ਆਈ ਸੀ ਯੂ ਵਿੱਚ ਭਰਤੀ ਕਰਾਉਣੇ ਪਏ ਤਾਂ ਨੌਜਵਾਨ (ਜੈੱਨ ਜ਼ੈੱਡ) ਭੜਕ ਗਏ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਗਾਂਧੀਵਾਦੀ ਵਾਂਗਚੁੱਕ ਨੇ ਭੁੱਖ ਹੜਤਾਲ ਵੀ ਖਤਮ ਕਰ ਦਿੱਤੀ, ਪਰ ਸਰਕਾਰ ਨੇ ਉਲਟਾ ਉਨ੍ਹਾ ‘ਤੇ ਵਿਦਰੋਹ ਭੜਕਾਉਣ ਦਾ ਦੋਸ਼ ਲਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ |
ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ | ਸ਼ਰਜੀਲ ਤੇ ਉਮਰ ਖਾਲਿਦ ਵਰਗੇ ਕਈ ਇਮਾਨਦਾਰ ਤੇ ਬੇਦਾਗ ਲੋਕ ਸਰਕਾਰ ਨੇ ਅਜਿਹੇ ਦੋਸ਼ ਲਾ ਕੇ ਜੇਲ੍ਹਾਂ ਵਿੱਚ ਸੁੱਟੇ ਹੋਏ ਹਨ | ਦੂਜੇ ਪਾਸੇ ਇਹੀ ਸਰਕਾਰ ਰਾਮ ਰਹੀਮ ਵਰਗੇ ਬਲਾਤਕਾਰੀਆਂ ਨੂੰ ਚੋਣਾਂ ਤੋਂ ਐਨ ਪਹਿਲਾਂ ਪੈਰੋਲ ‘ਤੇ ਜੇਲ੍ਹੋਂ ਬਾਹਰ ਕੱਢਦੀ ਰਹਿੰਦੀ ਹੈ | ਇਹ ਤਮਾਮ ਮਾਮਲੇ ਅਦਾਲਤਾਂ ‘ਤੇ ਵੀ ਉਂਗਲੀ ਚੁੱਕਣ ਲਈ ਮਜਬੂਰ ਕਰਦੇ ਹਨ | ਜਦ ਉਹ ਮਾਮਲੇ ਦਾ ਨੋਟਿਸ ਲੈਂਦੀਆਂ ਹਨ ਤਾਂ ਕਿਉਂ ਨਹੀਂ ਦੇਖਦੀਆਂ ਕਿ ਮਾਮਲਾ ਟਿਕਣ ਵਾਲਾ ਹੈ ਵੀ ਕਿ ਨਹੀਂ | ਸ਼ਰਜੀਲ ਤੇ ਖਾਲਿਦ ਖਿਲਾਫ ਅਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਪੇਸ਼ ਕੀਤਾ ਗਿਆ, ਪਰ ਉਹ ਸਰਕਾਰ ਦੇ ਇਹ ਕਹਿਣ ‘ਤੇ ਹੀ ਅੰਦਰ ਹਨ ਕਿ ਇੱਕ ਦਿਨ ਉਹ ਸਬੂਤ ਪੇਸ਼ ਕਰੇਗੀ | ਜਦ ਤੱਕ ਸਰਕਾਰ ਸਬੂਤ ਨਹੀਂ ਪੇਸ਼ ਕਰਦੀ, ਉਦੋਂ ਤੱਕ ਤਾਂ ਅਖੌਤੀ ਦੋਸ਼ੀਆਂ ਨੂੰ ਬਾਹਰ ਰੱਖਣਾ ਚਾਹੀਦਾ ਹੈ | ਵਾਂਗਚੁੱਕ ਮਾਮਲੇ ਨੂੰ ਅਦਾਲਤਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ | ਉਨ੍ਹਾਂ ਨੂੰ ਸਰਕਾਰ ਦੀ ਖਿਚਾਈ ਕਰਨੀ ਚਾਹੀਦੀ ਹੈ, ਵਰਨਾ ਉਹ ਭਲੇਮਾਣਸਾਂ, ਸਮਾਜਸੇਵੀਆਂ, ਪੱਤਰਕਾਰਾਂ, ਗਾਇਕਾਂ ਤੇ ਕਲਾਕਾਰਾਂ ਆਦਿ ਨਾਲ ਅਜਿਹੀ ਖੇਡ ਖੇਡਦੀ ਰਹੇਗੀ | ਸੁਪਰੀਮ ਕੋਰਟ ਨੂੰ ਸਰਕਾਰ ਤੋਂ ਵਾਂਗਚੁੱਕ ਨੂੰ 170 ਦਿਨ ਜੇਲ੍ਹ ਵਿੱਚ ਰੱਖਣ ਦਾ ਹਿਸਾਬ ਮੰਗਣਾ ਚਾਹੀਦਾ ਹੈ |