ਨਵੀਂ ਦਿੱਲੀ : ਉੱਤਰ ਭਾਰਤ ਵਿਚ ਠੰਢ ਨੇ ਐਤਕੀਂ ਅਗਾਊਾ ਦਸਤਕ ਦੇ ਦਿੱਤੀ ਹੈ | ਹਿਮਾਚਲ ਦੀਆਂ ਪਹਾੜੀਆਂ ਵਿੱਚ ਬੇਮੌਸਮੀ ਬਰਫ਼ਬਾਰੀ ਅਤੇ ਪੰਜਾਬ ਅਤੇ ਹਰਿਆਣਾ ਵਿੱਚ ਰੁਕ-ਰੁਕ ਕੇ ਭਾਰੀ ਮੀਂਹ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਮੌਸਮ ਵਿਚ ਠੰਢਕ ਲੈ ਆਂਦੀ ਹੈ | ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਦੇ ਕਈ ਜ਼ਿਲਿ੍ਹਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ | ਤਾਪਮਾਨ ਵਿੱਚ ਗਿਰਾਵਟ, ਫਸਲਾਂ ‘ਤੇ ਨਮੀ ਦੇ ਪ੍ਰਭਾਵ ਅਤੇ ਖੇਤਾਂ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ | ਮੀਂਹ ਦਾ ਇਹ ਦੌਰ ਨਾ ਸਿਰਫ਼ ਝੋਨੇ ਦੀ ਕਟਾਈ ਨੂੰ ਰੋਕ ਰਿਹਾ ਹੈ, ਸਗੋਂ ਖੇਤਾਂ ਵਿੱਚ ਪਾਣੀ ਵੀ ਭਰ ਰਿਹਾ ਹੈ, ਜਿਸ ਨਾਲ ਅਗਲੇ ਬਿਜਾਈ ਸੀਜ਼ਨ ਦੀਆਂ ਤਿਆਰੀਆਂ ਵਿਚ ਅੜਿੱਕਾ ਪੈ ਰਿਹਾ ਹੈ | ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਹੈ | ਪਿਛਲੇ ਦੋ ਦਿਨਾਂ ਤੋਂ ਕਨੌਰ, ਲਾਹੌਲ-ਸਪਿਤੀ, ਕੁੱਲੂ ਅਤੇ ਕਾਂਗੜਾ ਵਿੱਚ ਬਰਫ਼ਬਾਰੀ ਹੋ ਰਹੀ ਹੈ, ਜਦੋਂ ਕਿ ਸ਼ਿਮਲਾ, ਮੰਡੀ ਅਤੇ ਬਿਲਾਸਪੁਰ ਵਿੱਚ ਲਗਾਤਾਰ ਮੀਂਹ ਪੈਣ ਨਾਲ ਠੰਢ ਵਧ ਗਈ ਹੈ | ਮੌਸਮ ਵਿਭਾਗ ਅਨੁਸਾਰ 8 ਅਕਤੂਬਰ ਨੂੰ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ |
ਮੌਸਮ ਵਿਗਿਆਨੀਆਂ ਅਨੁਸਾਰ ਇਸ ਮੀਂਹ ਨਾਲ ਆਉਣ ਵਾਲੇ ਹਫ਼ਤਿਆਂ ਵਿੱਚ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਘਟ ਸਕਦਾ ਹੈ | ਅਧਿਕਾਰੀਆਂ ਨੇ ਸੰਭਾਵੀ ਹੜ੍ਹਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਪਾਅ ਸ਼ੁਰੂ ਕਰ ਦਿੱਤੇ ਹਨ | ਮੁਹਾਲੀ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨੇ ਝੋਨੇ ਦੀ ਕਟਾਈ ਰੋਕ ਦਿੱਤੀ ਹੈ ਅਤੇ ਖੁੱਲ੍ਹੇ ਵਿੱਚ ਰੱਖਿਆ ਅਨਾਜ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ |



