ਚੀਫ ਜਸਟਿਸ ‘ਤੇ ਹਮਲੇ ਖ਼ਿਲਾਫ ਜਮਹੂਰੀ ਤਾਕਤਾਂ ਨੂੰ ਆਵਾਜ਼ ਉਠਾਉਣ ਦਾ ਸੱਦਾ

0
111

ਜਲੰਧਰ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗਵਈ ਉਪਰ ਚੱਲਦੀ ਅਦਾਲਤ ਮੌਕੇ ਇੱਕ ਵਕੀਲ ਵੱਲੋਂ ਜੁੱਤੀ ਸੁੱਟੇ ਜਾਣ ਦੀ ਘਟਨਾ ‘ਤੇ ਟਿੱਪਣੀ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਦਲਿਤ ਵਰਗ ਨਾਲ ਸੰਬੰਧਤ ਚੀਫ਼ ਜਸਟਿਸ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਜਾਣਾ ਅਸਲ ‘ਚ ਦੱਬੇ, ਕੁਚਲੇ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਦੇ ਭੰਨੇ ਭਾਰਤੀ ਸਮਾਜ ਨੂੰ ਚਿਤਾਵਨੀ ਹੈ ਕਿ ਮੁਕੰਮਲ ਜ਼ੁਬਾਨਬੰਦੀ ਦਾ ਮੌਸਮ ਸਾਡੇ ਚੁੱਲ੍ਹੇ-ਚੌਂਕੇ ਤੱਕ ਆਣ ਪੱੁਜਾ ਹੈ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬੁੱਧਵਾਰ ਵਿਚਾਰ-ਵਟਾਂਦਰੇ ਉਪਰੰਤ ਜਾਰੀ ਲਿਖਤੀ ਪ੍ਰੈੱਸ ਬਿਆਨ ‘ਚ ਕਿਹਾ ਕਿ ਅਜਿਹਾ ਦਮ ਘੁੱਟਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿੱਥੇ ਸੰਵਿਧਾਨ, ਕਾਨੂੰਨ ਅਤੇ ਨਿਆਂ ਪ੍ਰਣਾਲੀ ਦੇ ਪਹਿਰੇਦਾਰ ਵੀ ਚੋਟ ਨਿਸ਼ਾਨੇ ‘ਤੇ ਹਨ ਅਤੇ ਉਹਨਾਂ ਦੇ ਮਨਾਂ ‘ਚ ਘਰ ਕਰ ਰਿਹਾ ਭੈਅ ਦਾ ਆਲਮ ਭਵਿੱਖ ਵਿੱਚ ਲੋਕਾਂ ਤੋਂ ਭਾਰੀ ਕੀਮਤ ਵਸੂਲੇਗਾ |
ਉਨ੍ਹਾ ਕਿਹਾ ਕਿ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਅਨੁਸਾਰ ਸੁਪਰੀਮ ਕੋਰਟ ਦੇ ਵਕੀਲ ‘ਤੇ ਜੁੱਤੀ ਸੁੱਟਣ ਨਾਲੋਂ ਵੀ ਵਧੇਰੇ ਜ਼ਲੀਲਤਾ ਭਰੇ ਸ਼ਬਦਾਂ ਦਾ ਹਮਲਾ ਕੀਤਾ ਜਾ ਰਿਹਾ ਹੈ, ਜੋ ਦਰਸਾਉਂਦਾ ਹੈ ਕਿ ਬੁਲਡੋਜ਼ਰ ਕਲਚਰ ਖ਼ਿਲਾਫ਼ ਟਿੱਪਣੀ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜ ਨੂੰ ਅਸਲ ‘ਚ ਸਬਕ ਸਿਖਾਇਆ ਜਾ ਰਿਹਾ ਹੈ | ਕਮੇਟੀ ਦਾ ਵਿਚਾਰ ਹੈ ਕਿ ਇਹ ਸਿਰਫ਼ ਇੱਕ ਚੀਫ਼ ਜਸਟਿਸ ‘ਤੇ ਨਹੀਂ, ਸਗੋਂ ਸਮੂਹ ਜੱਜਾਂ, ਸੁਪਰੀਮ ਕੋਰਟ, ਹਾਈ ਕੋਰਟਾਂ, ਸਮੁੱਚੀ ਨਿਆਂ ਪ੍ਰਣਾਲੀ ਉਪਰ ਹਮਲਾ ਹੈ ਅਤੇ ਖ਼ਾਸ ਕਰਕੇ ਸਮਾਜ ਦੀ ਸਦੀਆਂ ਤੋਂ ਪੀੜਤ ਸ਼ੇ੍ਰਣੀ ਉਪਰ ਹਮਲਾ ਕਰਕੇ ਉਸ ਨੂੰ ਚਿਤਾਵਨੀ ਦੇਣਾ ਹੈ ਕਿ ਖ਼ਬਰਦਾਰ ਜੇਕਰ ਸਮਾਜ ਦੀਆਂ ਬੁਨਿਆਦੀ ਅਤੇ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ, ਸਿੱਖਿਆ, ਸਿਹਤ, ਰੁਜ਼ਗਾਰ, ਜੰਗਲ, ਜਲ, ਜ਼ਮੀਨ, ਜਮਹੂਰੀ ਹੱਕਾਂ ਦੀ ਗੱਲ ਕੀਤੀ ਕਿਉਂਕਿ ਸਾਡੇ ਹੱਥ ਐਨੇ ਲੰਮੇ ਨੇ ਅਸੀਂ ਤਾਂ ਸੁਪਰੀਮ ਕੋਰਟ ਦੀ ਸਿਰਮੌਰ ਸ਼ਖ਼ਸੀਅਤ ‘ਤੇ ਵੀ ਜੁੱਤੀ ਸੁੱਟਣ ਵਾਲਿਆਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ |
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਇਨਸਾਫ਼, ਜਮਹੂਰੀਅਤ ਪਸੰਦ ਅਤੇ ਲੋਕ-ਹਿਤੈਸ਼ੀ ਤਾਕਤਾਂ, ਦੱਬੇ-ਕੁਚਲੇ ਮਿਹਨਤਕਸ਼ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਆਪਣੇ ਮਹਾਨ ਗ਼ਦਰੀ ਅਤੇ ਆਜ਼ਾਦੀ ਸੰਗਰਾਮ ਦੇ ਸਾਂਝੇ, ਮਾਣਮੱਤੇ ਵਿਰਸੇ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਬੇਖੌਫ਼ ਹੋ ਕੇ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ |