ਜਲੰਧਰ ’ਚ ਢਾਈ ਕਿੱਲੋ ਫਿਸਫੋਟਕ ਸਣੇ ਦੋ ਗਿ੍ਰਫਤਾਰ

0
128

ਜਲੰਧਰ (ਸ਼ੈਲੀ ਐਲਬਰਟ/
ਇਕਬਾਲ ਸਿੰੰਘ ਉੱਭੀ)
ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਅੱਤਵਾਦੀ ਮਡਿਊਲ ਦੇ ਦੋ ਕਾਰਕੁਨਾਂ ਨੂੰ ਲਗਭਗ 2.5 ਕਿਲੋਗ੍ਰਾਮ ਆਰ ਡੀ ਐੱਕਸ ਅਧਾਰਤ ਆਈ ਈ ਡੀ ਅਤੇ ਇੱਕ ਰਿਮੋਟ ਕੰਟਰੋਲ ਸਮੇਤ ਗਿ੍ਰਫਤਾਰ ਕਰਕੇ ਗਰੋਹ ਦਾ ਪਰਦਾ ਫਾਸ਼ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਮਡਿਊਲ ਬੀ ਕੇ ਆਈ. ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਿਰਦੇਸ਼ਾਂ ’ਤੇ ਯੂ ਕੇ ਅਧਾਰਤ ਹੈਂਡਲਰਾਂ ਨਿਸ਼ਾਨ ਜੌੜੀਆਂ ਅਤੇ ਆਦੇਸ਼ ਜਾਮਾਰਾਏ ਦੁਆਰਾ ਚਲਾਇਆ ਜਾ ਰਿਹਾ ਸੀ।ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜਿੰਦਰ ਸਿੰਘ ਉਰਫ ਰਿੰਕੂ ਵਾਸੀ ਪਿੰਡ ਅਠਵਾਲ ਅਤੇ ਦੀਵਾਨ ਸਿੰਘ ਉਰਫ ਨਿੱਕੂ ਵਾਸੀ ਨਿੱਕੋ ਸਰਾਂ ਕਲਾਂ (ਗੁਰਦਾਸਪੁਰ) ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਉਨ੍ਹਾਂ ਦਾ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ ’ਤੇ ਉਹ ਸਵਾਰ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਆਰ ਡੀ ਐੱਕਸ ਅਧਾਰਤ ਆਈ ਈ ਡੀ ਮਿੱਥੇ ਹੋਏ ਅੱਤਵਾਦੀ ਹਮਲੇ ਲਈ ਵਰਤਿਆ ਜਾਣਾ ਸੀ।ਡੀ ਜੀ ਪੀ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ’ਤੇ ਸੀ ਆਈ ਜਲੰਧਰ ਦੀਆਂ ਟੀਮਾਂ ਨੇ ਜਲੰਧਰ ਦੇ ਗੁਰੂ ਨਾਨਕਪੁਰਾ ਖੇਤਰ ਤੋਂ ਦੋਵਾਂ ਸ਼ੱਕੀਆਂ ਨੂੰ ਉਦੋਂ ਗਿ੍ਰਫਤਾਰ ਕੀਤਾ, ਜਦੋਂ ਉਹ ਖੇਪ ਨੂੰ ਕਿਸੇ ਹੋਰ ਟਿਕਾਣੇ ’ਤੇ ਪਹੁੰਚਾਉਣ ਜਾ ਰਹੇ ਸਨ।