ਬਿਹਾਰ ਵੋਟਰ ਸੂਚੀਆਂ ’ਤੇ ਫੈਸਲਾ ਟਲਿਆ

0
113

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਬਿਹਾਰ ਰਾਜ ਕਾਨੂੰਨੀ ਸੇਵਾ ਅਥਾਰਟੀ ਨੂੰ ਕਿਹਾ ਕਿ ਅੰਤਮ ਵੋਟਰ ਸੂਚੀਆਂ ਤੋਂ ਬਾਹਰ ਕੀਤੇ ਗਏ ਵੋਟਰਾਂ ਦੀ ਸਹਾਇਤਾ ਲਈ ਆਪਣੀ ਜ਼ਿਲ੍ਹਾ ਪੱਧਰੀ ਸੰਸਥਾ ਨੂੰ ਨਿਰਦੇਸ਼ ਜਾਰੀ ਕਰੇ। ਉਸ ਨੇ ਕਿਹਾ ਕਿ ਵੋਟਾਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਤੋਂ ਬਾਅਦ ਕੱਢੇ ਗਏ ਵੋਟਰਾਂ ਦੀਆਂ ਅਪੀਲਾਂ ’ਤੇ ਨਿਸਚਿਤ ਸਮੇਂ ਦੇ ਅੰਦਰ ਅਤੇ ਤਰਕਪੂਰਨ ਆਦੇਸ਼ ਦੇ ਨਾਲ ਫੈਸਲਾ ਕਰਨ ਦੇ ਸਵਾਲ ’ਤੇ ਚੋਣ ਕਮਿਸ਼ਨ ਦੇ ਅਭਿਆਸ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਦੀ ਅਗਲੀ ਤਰੀਕ 16 ਅਕਤੂਬਰ ਨੂੰ ਵਿਚਾਰ ਕੀਤਾ ਜਾਵੇਗਾ। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੋਯਮਾਲਿਆ ਬਾਗਚੀ ਦੀ ਬੈਂਚ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਬਾਹਰ ਕੀਤੇ ਗਏ ਵੋਟਰਾਂ ਦੀ ਸਹਾਇਤਾ ਲਈ ਪੈਰਾ-ਲੀਗਲ ਵਲੰਟੀਅਰਾਂ ਦੀ ਸੂਚੀ ਜਾਰੀ ਕਰੇਗੀ। ਬੈਂਚ ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਅਪੀਲ ਕਰਨ ਦਾ ਵਾਜਬ ਮੌਕਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਇਸ ਬਾਰੇ ਵਿਸਤਿ੍ਰਤ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ ਕਿ ਉਨ੍ਹਾਂ ਦੇ ਨਾਂਅ ਬਾਹਰ ਕਿਉਂ ਰੱਖੇ ਗਏ ਹਨ।’ ਜ਼ਿਕਰਯੋਗ ਹੈ ਕਿ ਕਈ ਵਿਅਕਤੀਆਂ ਨੇ ਇਸ ਵੋਟਰ ਸੂਚੀ ਵਿੱਚੋਂ ਨਾਂਅ ਕੱਢਣ ’ਤੇ ਇਤਰਾਜ਼ ਜਤਾਇਆ ਹੈ।