ਸੋਲਨ : ਪੁਲਸ ਨੇ ਹਿਮਾਚਲ ਪ੍ਰਦੇਸ਼ ਭਾਜਪਾ ਪ੍ਰਧਾਨ ਡਾ. ਰਾਜੀਵ ਬਿੰਦਲ ਦੇ ਵੱਡੇ ਭਰਾ ਵੈਦ ਰਾਮ ਕੁਮਾਰ ਬਿੰਦਲ ਨੂੰ ਜਬਰ-ਜ਼ਨਾਹ ਦੇ ਇੱਕ ਮਾਮਲੇ ਵਿੱਚ ਗਿ੍ਰਫ਼ਤਾਰ ਕੀਤਾ ਹੈ। ਪੁਲਸ ਨੇ ਇਹ ਕਾਰਵਾਈ 25 ਸਾਲਾ ਔਰਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸੋਲਨ ਦੇ ਐੱਸ ਪੀ ਗੌਰਵ ਸਿੰਘ ਨੇ ਦੱਸਿਆ ਕਿ ਮਹਿਲਾ ਪੁਲਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਹ 7 ਅਕਤੂਬਰ ਨੂੰ ਸੋਲਨ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਇੱਕ ਕਲੀਨਿਕ ਵਿੱਚ ਵੈਦਿਕ ਇਲਾਜ ਕਰਵਾਉਣ ਲਈ ਆਈ। ਵੈਦ ਰਾਮ ਕੁਮਾਰ ਨੇ ਉਸ ਦਾ ਹੱਥ ਫੜ ਲਿਆ ਅਤੇ ਉਸ ਦੀਆਂ ਨਾੜੀਆਂ ਦਬਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਜਾਂਚ ਕਰਦੇ ਸਮੇਂ ਦੋਸ਼ੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।



