ਜਬਰ-ਜ਼ਨਾਹ ਮਾਮਲੇ ’ਚ ਭਾਜਪਾ ਪ੍ਰਧਾਨ ਦਾ ਅਸਤੀਫਾ ਮੰਗਿਆ

0
104

ਸ਼ਿਮਲਾ : ਹਿਮਾਚਲ ਪ੍ਰਦੇਸ਼ ਮਹਿਲਾ ਕਾਂਗਰਸ ਨੇ ਸੋਲਨ ਜ਼ਿਲ੍ਹੇ ਵਿੱਚ ਦਰਜ ਜਬਰ-ਜ਼ਨਾਹ ਦੇ ਮਾਮਲੇ ਵਿੱਚ ਭਾਜਪਾ ਆਗੂ ਰਾਜੀਵ ਬਿੰਦਲ ਦੇ ਭਰਾ ਰਾਮ ਕੁਮਾਰ ਬਿੰਦਲ ਦੀ ਗਿ੍ਰਫਤਾਰੀ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਡਾ. ਰਾਜੀਵ ਬਿੰਦਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸ਼ਿਮਲਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਿਮਾਚਲ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਜੈਨਬ ਚੰਦੇਲ ਨੇ ਕਿਹਾ ਕਿ ਇਸ ਘਟਨਾ ਕਾਰਨ ਸੂਬਾ ਸ਼ਰਮਸਾਰ ਹੋ ਗਿਆ ਹੈ ਤੇ ਭਾਜਪਾ ਆਗੂਆਂ ਨੇ ਇਸ ਮਾਮਲੇ ’ਤੇ ਚੁੱਪ ਧਾਰੀ ਹੋਈ ਹੈ। ਚੰਦੇਲ ਨੇ ਕਿਹਾ, ‘ਸੋਲਨ ਵਿੱਚ ਵਾਪਰੀ ਘਟਨਾ ਨੇ ਪੂਰੇ ਸੂਬੇ ਨੂੰ ਸ਼ਰਮਸਾਰ ਕਰ ਦਿੱਤਾ ਹੈ, ਪਰ ਮਹਿਲਾ ਕਾਂਗਰਸ ਚੁੱਪ ਕਰ ਕੇ ਨਹੀਂ ਬੈਠੇਗੀ। ਪੀੜਤਾ ਨਿਆਂ ਦੀ ਹੱਕਦਾਰ ਹੈ ਅਤੇ ਸਰਕਾਰ ਨੂੰ ਉਸ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਉੱਚ ਪੱਧਰੀ ਮਾਮਲਾ ਹੈ, ਜਿੱਥੇ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾ ਭਾਜਪਾ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਸਿਰਫ ਰਾਜਨੀਤਕ ਲਾਭ ਲਈ ‘ਬੇਟੀ ਬਚਾਓ’ ਵਰਗੇ ਨਾਅਰਿਆਂ ਦੀ ਵਰਤੋਂ ਕਰਦੀ ਹੈ, ਜਦੋਂ ਕਿ ਅਸਲ ਵਿੱਚ ਔਰਤਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ ਹੈ ਤੇ ਸੂਬੇ ਵਿਚ ਔਰਤਾਂ ਨੂੰ ਨਿਆਂ ਨਹੀਂ ਮਿਲ ਰਿਹਾ। ਭਾਜਪਾ ਨਾਅਰਿਆਂ ਵਿੱਚ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ, ਪਰ ਸੱਚਾਈ ਬਿਲਕੁਲ ਵੱਖਰੀ ਹੈ।’