ਚੰਡੀਗੜ੍ਹ (ਗੁਰਜੀਮ ਬਿੱਲਾ)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਮਰਹੂਮ ਆਈ ਪੀ ਐਸ ਅਧਿਕਾਰੀ ਵਾਈ ਪੂਰਨ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਦੁਖਦਾਈ ਮੌਤ (ਖੁਦਕੁਸ਼ੀ) ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਿਸੋਦੀਆ ਨੇ ਦੁਖੀ ਪਰਵਾਰ ਨਾਲ ਮੁਲਾਕਾਤ ਕੀਤੀ ਅਤੇ ਜਾਤੀ-ਅਧਾਰਤ ਜ਼ੁਲਮ ਅਤੇ ਪ੍ਰਣਾਲੀਗਤ ਉਦਾਸੀਨਤਾ ਕਾਰਨ ਇੱਕ ਇਮਾਨਦਾਰ ਅਤੇ ਵਚਨਬੱਧ ਅਧਿਕਾਰੀ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।ਪਰਵਾਰ ਨੂੰ ਮਿਲਣ ਤੋਂ ਬਾਅਦ ਸਿਸੋਦੀਆ ਨੇ ਕਿਹਾ, ਮੈਂ ਹੁਣੇ ਹੀ ਪੂਰਨ ਕੁਮਾਰ ਦੇ ਪਰਵਾਰ ਨੂੰ ਮਿਲਿਆ ਹਾਂ, ਉਹ ਬਹੁਤ ਹੀ ਦੁਖੀ ਹਨ। ਇੱਕ ਸਤਿਕਾਰਯੋਗ ਪਰਵਾਰ ਦੇ ਇੱਕ ਪੜ੍ਹੇ-ਲਿਖੇ, ਯੋਗ ਪੁੱਤ ਨੂੰ ਖੁਦਕੁਸ਼ੀ ਕਰਨ ਲਈ ਸਿਰਫ਼ ਇਸ ਲਈ ਮਜਬੂਰ ਕੀਤਾ ਗਿਆ ਕਿਉਕਿ ਉਹ ਦਲਿਤ ਸੀ। ਅਧਿਕਾਰੀਆਂ ਨੇ ਉਸ ਦੇ ਸਰੀਰ ਨਾਲ ਜਿਸ ਤਰ੍ਹਾਂ ਵਿਵਹਾਰ ਕੀਤਾ, ਪੁਲਸ ਦਾ ਸ਼ੱਕੀ ਵਿਵਹਾਰ ਅਤੇ ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਬਹੁਤ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਹ ਸਚਾਈ ਨੂੰ ਲੁਕਾਉਣ ਦੀ ਜਾਣਬੁੱਝ ਕੇ ਕੋਸ਼ਿਸ਼ ਕੀਤੀ ਜਾਪਦੀ ਹੈ।ਸਿਵਲ ਸੇਵਾਵਾਂ ਦੇ ਉੱਚ ਅਹੁਦਿਆਂ ’ਤੇ ਵੀ ਜਾਰੀ ਜਾਤੀ-ਅਧਾਰਤ ਵਿਤਕਰੇ ਦੀ ਨਿੰਦਾ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਇਹ ਦੁਖਾਂਤ ਡੂੰਘੀਆਂ ਜੜ੍ਹਾਂ ਵਾਲੇ ਪੱਖਪਾਤ ਅਤੇ ਢਾਂਚਾਗਤ ਬੇਇਨਸਾਫ਼ੀ ਨੂੰ ਉਜਾਗਰ ਕਰਦਾ ਹੈ ਜੋ ਦਲਿਤ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਲਗਾਤਾਰ ਦਬਾ ਰਿਹਾ ਹੈ।ਸਿਸੋਦੀਆ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ, ਇਸ ’ਤੇ ਜਾਤੀ ਸਰਬਉੱਚਤਾ ਦੀ ਜ਼ਹਿਰੀਲੀ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਅਤੇ ਦਲਿਤਾਂ ਵਿਰੁੱਧ ਅੱਤਿਆਚਾਰਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਚਾਉਣ ਦਾ ਦੋਸ਼ ਲਗਾਇਆ।




