ਅੰਮਿ੍ਤਸਰ/ਅਜਨਾਲਾ (ਜਸਬੀਰ ਸਿੰਘ ਪੱਟੀ/ਕੰਵਲਜੀਤ ਸਿੰਘ/ਸੁਖਤਿੰਦਰ ਰਾਜੂ)
ਪੰਜਾਬ ਵਿੱਚ ਆਏ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦਾ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਸੋਮਵਾਰ ਸਰਕਾਰ ਵੱਲੋਂ ਮਾਝੇ ਦੇ ਅਜਨਾਲਾ ਹਲਕੇ ਤੋਂ ਸ਼ੁਰੂ ਕੀਤਾ ਗਿਆ | ਇੱਥੇ 52 ਪਿੰਡਾਂ ਦੇ ਲੋਕਾਂ ਨੂੰ ਪੰਜ ਕਰੋੜ 70 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ, ਜਿਸ ਵਿੱਚ ਘਰਾਂ, ਫਸਲਾਂ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸ਼ਾਮਲ ਹੈ |
ਭਲਾ ਪਿੰਡ ਨੇੜੇ ਸ਼ੂਗਰ ਮਿੱਲ ਵਿੱਚ ਕੀਤੇ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਨਾਲਾ ਹਲਕੇ ਦੇ ਲਗਭਗ 52 ਪਿੰਡਾਂ ਦੇ ਪ੍ਰਭਾਵਤ ਲੋਕਾਂ ਨੂੰ ਮੁਆਵਜੇ ਦੇ ਚੈੱਕ ਸੌਂਪੇ | ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੁਕਸਾਨੀਆਂ ਗਈਆਂ ਫਸਲਾਂ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਚੈੱਕ ਦਿੱਤੇ ਗਏ ਹਨ |
ਇਹ ਮੁਆਵਜ਼ਾ ਰਾਸ਼ੀ ਪ੍ਰਭਾਵਤ ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਤਬਦੀਲ ਕਰ ਦਿੱਤੀ ਗਈ ਹੈ ਅਤੇ ਵਧੇਰੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਇਹ ਮੁਆਵਜ਼ਾ ਰਕਮ ਮਿਲੀ ਗਈ ਹੈ |
ਉਨ੍ਹਾ ਦੱਸਿਆ ਕਿ ਹੁਣ ਤੱਕ ਨੁਕਸਾਨ ਦੇ ਕੀਤੇ ਗਏ ਮੁਲਾਂਕਣ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਲਗਭਗ 14 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਹ ਨੁਕਸਾਨ ਦੇ ਵੇਰਵੇ ਕੇਂਦਰ ਸਰਕਾਰ ਨੂੰ ਢੁਕਵਾਂ ਮੁਆਵਜ਼ਾ ਦੇਣ ਲਈ ਭੇਜੇ ਗਏ ਹਨ | ਉਨ੍ਹਾ ਦੱਸਿਆ ਕਿ ਅਜਨਾਲਾ ਹਲਕੇ ਵਿੱਚ ਲਗਭਗ ਪੰਜ ਕਰੋੜ 70 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ, ਜਿਸ ਵਿੱਚ 3 ਕਰੋੜ 84 ਲੱਖ ਰੁਪਏ ਘਰਾਂ ਦੇ ਨੁਕਸਾਨ ਲਈ, 1.16 ਕਰੋੜ ਰੁਪਏ ਫਸਲਾਂ ਦੇ ਨੁਕਸਾਨ ਲਈ ਅਤੇ ਲਗਭਗ 73 ਲੱਖ ਰੁਪਏ ਤੋਂ ਵੱਧ ਜਾਨਵਰਾਂ ਦੇ ਨੁਕਸਾਨ ਦਾ ਮੁਆਵਜ਼ਾ ਸ਼ਾਮਲ ਹੈ | ਮੁੱਖ ਮੰਤਰੀ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਸਿੱਧੇ ਤੌਰ ‘ਤੇ ਜ਼ਮੀਨਾਂ ‘ਤੇ ਕਾਸ਼ਤ ਕਰਨ ਵਾਲੇ ਵਿਅਕਤੀ ਹੀ ਮੁਆਵਜ਼ਾ ਲੈ ਸਕਣਗੇ, ਨਾ ਕਿ ਜ਼ਮੀਨਾਂ ਨੂੰ ਠੇਕੇ ‘ਤੇ ਦੇਣ ਵਾਲੇ ਵਿਅਕਤੀ | ਮੁੱਖ ਮੰਤਰੀ ਨੇ ਦੱਸਿਆ ਕਿ ਮੰਗਲਵਾਰ ਤੋਂ ਸੂਬੇ ਦੇ ਹੋਰ ਪ੍ਰਭਾਵਤ ਜ਼ਿਲਿ੍ਹਆਂ ਵਿੱਚ ਵੀ ਪੀੜਤ ਲੋਕਾਂ ਨੂੰ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂ ਹੋ ਜਾਵੇਗਾ |





