ਵੱਡੇ ਭਰਾ ਦਾ ਰੁਤਬਾ ਖਤਮ

0
61

ਬਿਹਾਰ ਅਸੈਂਬਲੀ ਚੋਣਾਂ ਲਈ ਐੱਨ ਡੀ ਏ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਐਤਵਾਰ ਹੋਈ ਸੀਟਾਂ ਦੀ ਵੰਡ ਦੇ ਨਾਲ ਹੀ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਦੇ ਸੁਪਰੀਮੋ ਨਿਤੀਸ਼ ਕੁਮਾਰ ਦਾ ਵੱਡੇ ਭਰਾ ਵਾਲਾ ਰੁਤਬਾ ਖਤਮ ਹੋ ਗਿਆ | ਹਾਲਾਂਕਿ ਨਿਤੀਸ਼ ਕੁਮਾਰ ਇਸ ਸਮੇਂ ਸਭ ਤੋਂ ਔਖੇ ਦੌਰ ਵਿੱਚੋਂ ਲੰਘ ਰਹੇ ਹਨ, ਪਰ ਉਨ੍ਹਾ ਦੀ ਪਾਰਟੀ ਦੀ ਜ਼ਿਦ ਸੀ ਕਿ ਸੀਟਾਂ ਦੀ ਵੰਡ ਵੇਲੇ ਉਸ ਦਾ ਸਭ ਤੋਂ ਵੱਡੀ ਪਾਰਟੀ ਦਾ ਰੁਤਬਾ ਬਰਕਰਾਰ ਰੱਖਿਆ ਜਾਵੇ | ਚਰਚਾ ਵੀ ਸੀ ਕਿ ਜੇ ਭਾਜਪਾ 101 ਸੀਟਾਂ ਲੜੇਗੀ ਤਾਂ ਜਨਤਾ ਦਲ (ਯੂ) ਨੂੰ ਇੱਕ ਵਧਾ ਕੇ 102 ਸੀਟਾਂ ਦਿੱਤੀਆਂ ਜਾਣਗੀਆਂ | ਤੈਅ ਇਹ ਹੋਇਆ ਹੈ ਕਿ 243 ਮੈਂਬਰੀ ਅਸੈਂਬਲੀ ਲਈ ਭਾਜਪਾ ਤੇ ਜਨਤਾ ਦਲ (ਯੂ) 101-101 ਸੀਟਾਂ ਲੜਨਗੀਆਂ | ਇਸ ਤਰ੍ਹਾਂ ਭਾਜਪਾ ਨੇ ਬਰਾਬਰੀ ਦਾ ਦਰਜਾ ਹਾਸਲ ਕਰ ਲਿਆ ਹੈ | ਇਹ ਉਹੀ ਨਿਤੀਸ਼ ਕੁਮਾਰ ਹਨ, ਜਿਹੜੇ 2020 ਦੀਆਂ ਅਸੈਂਬਲੀ ਚੋਣਾਂ ਵਿੱਚ ਅੜ ਗਏ ਸਨ ਕਿ ਉਨ੍ਹਾ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ | ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮੰਨਣਾ ਪਿਆ ਸੀ, ਪਰ ਹੁਣ ਮਾਹੌਲ ਬਦਲ ਗਿਆ ਹੈ | ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਸੀਟ ਵੰਡ ਫਾਰਮੂਲੇ ਨਾਲ ਨਿਤੀਸ਼ ਨੂੰ ਪਹਿਲਾ ਝਟਕਾ ਲੱਗਿਆ ਹੈ | 2020 ਵਿੱਚ ਉਨ੍ਹਾ ਦੀ ਪਾਰਟੀ ਨੇ 115 ਤੇ ਭਾਜਪਾ ਨੇ 110 ਸੀਟਾਂ ਲੜੀਆਂ ਸਨ | ਨਿਤੀਸ਼ ਦੇ ਕਰੀਬੀ ਮੰਨੇ ਜਾਣ ਵਾਲੇ ਜੀਤਨ ਰਾਮ ਮਾਂਝੀ ਦੀ ਪਾਰਟੀ ਹਿੰਦੁਸਤਾਨ ਆਵਾਮ ਮੋਰਚਾ ਲਈ ਵੀ ਪਿਛਲੀ ਵਾਰ ਦੀਆਂ 7 ਦੀ ਥਾਂ 6 ਸੀਟਾਂ ਛੱਡੀਆਂ ਗਈਆਂ ਹਨ | ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਆਰ) ਨੂੰ 29 ਸੀਟਾਂ ਛੱਡੀਆਂ ਗਈਆਂ ਹਨ | ਪਿਛਲੀ ਵਾਰ ਚਿਰਾਗ ਨੇ ਐੱਨ ਡੀ ਏ ਵਿੱਚ ਹੋਣ ਦੇ ਬਾਵਜੂਦ 135 ਉਮੀਦਵਾਰ ਖੜ੍ਹੇ ਕਰ ਦਿੱਤੇ ਸਨ | ਹਾਲਾਂਕਿ ਉਨ੍ਹਾ ਦਾ ਇੱਕ ਉਮੀਦਵਾਰ ਹੀ ਜਿੱਤਿਆ ਸੀ, ਪਰ ਨਿਤੀਸ਼ ਕੁਮਾਰ ਦੇ ਘੱਟੋ-ਘੱਟ ਤਿੰਨ ਦਰਜਨ ਉਮੀਦਵਾਰਾਂ ਦੀਆਂ ਬੇੜੀਆਂ ਵਿੱਚ ਵੱਟੇ ਪਾ ਦਿੱਤੇ ਸਨ | ਇਸ ਵਾਰ ਐੱਨ ਡੀ ਏ ਵਿੱਚ ਸ਼ਾਮਲ ਉਪਿੰਦਰ ਕੁਸ਼ਵਾਹਾ ਦੀ ਨਵੀਂ ਪਾਰਟੀ ਰਾਸ਼ਟਰੀ ਲੋਕ ਮੋਰਚਾ ਲਈ ਵੀ ਛੇ ਸੀਟਾਂ ਛੱਡੀਆਂ ਗਈਆਂ ਹਨ | ਪਿਛਲੀ ਵਾਰ ਉਨ੍ਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਸੀ ਅਤੇ ਉਸ ਨੇ ਓਵੈਸੀ ਦੀ ਏ ਆਈ ਐੱਮ ਆਈ ਐੱਮ ਤੇ ਬਸਪਾ ਨਾਲ ਗੱਠਜੋੜ ਕਰਕੇ 104 ਉਮੀਦਵਾਰ ਉਤਾਰੇ ਸਨ, ਪਰ ਜਿੱਤਿਆ ਕੋਈ ਨਹੀਂ ਸੀ | ਇਸ ਵਾਰ ਚਿਰਾਗ 40 ਸੀਟਾਂ, ਮਾਂਝੀ 15 ਤੇ ਕੁਸ਼ਵਾਹਾ ਵੀ ਏਨੀਆਂ ਹੀ ਮੰਗ ਰਹੇ ਸਨ, ਪਰ ਭਾਜਪਾ ਨੇ ਉਨ੍ਹਾਂ ਨੂੰ ਉਨ੍ਹਾਂ ਦੀ ‘ਔਕਾਤ’ ਮੁਤਾਬਕ ਹੀ ਸੀਟਾਂ ਛੱਡੀਆਂ ਹਨ |
ਸੀਟਾਂ ਦੀ ਵੰਡ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਬਿਹਾਰ ‘ਚ ਮੁੜ ਸੱਤਾ ਵਿੱਚ ਆਉਣ ਲਈ ਭਾਵੇਂ ਨਿਤੀਸ਼ ਨੂੰ ਅਜੇ ਵੀ ਮਦਦਗਾਰ ਸਮਝਦੀ ਹੈ, ਪਰ ਉਹ ਆਪਣੇ ਕਾਡਰ ਨੂੰ ਇਹ ਸੰਦੇਸ਼ ਦੇਣ ਵਿੱਚ ਵੀ ਕਾਮਯਾਬ ਹੋ ਗਈ ਹੈ ਕਿ ਉਹ ਤਕੜੇ ਹੋ ਕੇ ਚੋਣਾਂ ਲੜਨ, ਕਿਉਂਕਿ ਨਿਤੀਸ਼ ਕੁਮਾਰ ਨੇ ਬਥੇਰਾ ਰਾਜ ਕਰ ਲਿਆ ਹੈ ਤੇ ਬਿਹਾਰ ਵਿੱਚ ਮੁੜ ਐੱਨ ਡੀ ਏ ਸਰਕਾਰ ਦਾ ਮਤਲਬ ਹੋਵੇਗਾ-ਭਾਜਪਾ ਦੀ ਸਰਕਾਰ |