ਮਨੂੰ ਸਿਮਰਤੀ ਦਾ ਜ਼ਹਿਰ

0
57

ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਸੁੱਟਣ ਦੀ ਘਟਨਾ ਤੇ ਰਾਏਬਰੇਲੀ ਵਿੱਚ ਹਰੀਓਮ ਵਾਲਮੀਕ ਦੀ ਲਿੰਚਿੰਗ, ਇਹ ਘਟਨਾਵਾਂ ਇੱਕ ਡੂੰਘੇ ਯਥਾਰਥ ਨੂੰ ਉਜਾਗਰ ਕਰਦੀਆਂ ਹਨ | ਇਹ ਜ਼ਹਿਰ ਮਨੂੰ ਸਿਮਰਤੀ ‘ਚੋਂ ਨਿਕਲਦਾ ਹੈ, ਜਿਸ ਨੂੰ ਧਰਮ ਦੱਸ ਕੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਤੇ ਭਾਜਪਾ ਦੇ ਹਮਾਇਤੀਆਂ ਦਾ ਵੱਡਾ ਹਿੱਸਾ ਅੱਜ ਵੀ ਵਡਿਆਉਂਦਾ ਹੈ |
ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਆਮ ਮਾਮਲਾ ਨਹੀਂ, ਇਹ ਸ਼ਾਸਨ-ਪ੍ਰਸ਼ਾਸਨ ਨੂੰ ਆਪਣੇ ਫੰਦੇ ਵਿੱਚ ਰੱਖਣ ਵਾਲੀ ਸਵਰਨ ਸਾਮੰਤੀ ਵਿਵਸਥਾ ਦੀ ਕਰੂਰ ਮਿਸਾਲ ਹੈ | 7 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਆਪਣੇ ਘਰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ 52 ਸਾਲਾ ਵਾਈ. ਪੂਰਨ ਕੁਮਾਰ ਆਂਧਰਾ ਪ੍ਰਦੇਸ਼ ਦੇ ਇੱਕ ਗਰੀਬ ਦਲਿਤ ਪਰਵਾਰ ਵਿੱਚੋਂ ਸਨ | ਮਾਤਾ-ਪਿਤਾ ਨੇ ਗਰੀਬੀ ਤੇ ਸਮਾਜੀ ਵਿਤਕਰੇ ਨੂੰ ਝਲਦਿਆਂ ਉਨ੍ਹਾ ਨੂੰ ਇੰਜੀਨੀਅਰ ਬਣਾਇਆ ਤੇ ਫਿਰ ਉਹ ਆਈ ਪੀ ਐੱਸ ਅਫਸਰ ਬਣੇ | ਖੁਦਕੁਸ਼ੀ ਵੇਲੇ ਉਨ੍ਹਾ ਦੀ ਆਈ ਏ ਐੱਸ ਪਤਨੀ ਅਮਨੀਤ ਪੀ. ਕੁਮਾਰ ਜਾਪਾਨ ਵਿੱਚ ਸੀ | ਪਤਨੀ ਨੂੰ ਭੇਜੇ 9 ਸਫਿਆਂ ਦੇ ਖੁਦਕੁਸ਼ੀ ਨੋਟ ਵਿੱਚ ਉਨ੍ਹਾ 12 ਅਧਿਕਾਰੀਆਂ ‘ਤੇ ਜਾਤੀ ਵਿਤਕਰੇ, ਮਾਨਸਕ ਅੱਤਿਆਚਾਰ, ਫਰਜ਼ੀ ਐੱਫ ਆਈ ਆਰ ਤੇ ਪ੍ਰਮੋਸ਼ਨ ਵਿੱਚ ਬੇਨੇਮੀਆਂ ਦਾ ਦੋਸ਼ ਲਾਉਂਦਿਆਂ ਲਿਖਿਆ, ‘ਅੱਤਿਆਚਾਰ ਸਹਿਣੇ ਔਖੇ ਹੋ ਗਏ ਹਨ |’
ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਇੱਕ ਦਿਨ ਪਹਿਲਾਂ ਦਲਿਤ ਸਮਾਜ ਵਿੱਚੋਂ ਆਉਣ ਵਾਲੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਸੁੱਟਣ ਤੋਂ ਬਾਅਦ ਵਕੀਲ ਰਾਕੇਸ਼ ਕਿਸ਼ੋਰ ਨੇ ਨਾਅਰਾ ਲਾਇਆ ‘ਸਨਾਤਨ ਧਰਮ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ |’ ਪ੍ਰਧਾਨ ਮੰਤਰੀ ਨੇ ਘਟਨਾ ਦੀ ਨਿੰਦਾ ਕੀਤੀ, ਪਰ ਅਪਰਾਧੀ ਖਿਲਾਫ ਕਾਰਵਾਈ ਦੀ ਗੱਲ ਨਹੀਂ ਕੀਤੀ | ਦਿੱਲੀ ਪੁਲਸ ਨੇ ਐੱਫ ਆਈ ਆਰ ਇਸ ਕਰਕੇ ਦਰਜ ਨਹੀਂ ਕੀਤੀ, ਕਿਉਂਕਿ ਚੀਫ ਜਸਟਿਸ ਨੇ ਉਸ ਨੂੰ ਮੁਆਫ ਕਰ ਦਿੱਤਾ | ਕੀ ਅਪਰਾਧ ਨੂੰ ਮੁਆਫ ਕਰਨਾ ਪੀੜਤ ਦਾ ਕੰਮ ਹੈ ਜਾਂ ਰਾਜ ਦਾ? ਭਾਜਪਾ ਰਾਜ ਵਿੱਚ ਇਸ ਤਰ੍ਹਾਂ ਐੱਫ ਆਈ ਆਰ ਦਰਜ ਨਾ ਕਰਨਾ ਸਵਾਲ ਉਠਾਉਂਦਾ ਹੈ ਕਿ ਕੀ ਦਲਿਤ ‘ਤੇ ਹਮਲਾ ਅਪਰਾਧ ਨਹੀਂ ਮੰਨਿਆ ਜਾਂਦਾ? ਦੋ ਅਕਤੂਬਰ ਨੂੰ ਰਾਏਬਰੇਲੀ ਵਿੱਚ ਹਰੀਓਮ ਵਾਲਮੀਕ ਦੇ ਚੋਰ ਹੋਣ ਦੀ ਅਫਵਾਹ ਵਿੱਚ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ | ਮਰਨ ਵਕਤ ਹਰੀਓਮ ਨੇ ਰਾਹੁਲ ਗਾਂਧੀ ਨੂੰ ਸੱਦਿਆ ਤਾਂ ਹਤਿਆਰਿਆਂ ਨੇ ਹੱਸਦਿਆਂ ਕਿਹਾ—ਇੱਥੇ ਸਭ ਬਾਬਾਵਾਦੀ ਹਨ | ਬਾਬਾ ਯਾਨੀ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ, ਜਿਹੜੇ ਕਸ਼ੱਤਰੀ ਹੋਣ ‘ਤੇ ਸਰਵਜਨਕ ਤੌਰ ‘ਤੇ ਗਰਵ ਜਤਾਉਂਦੇ ਹਨ |
ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ 2013-23 ਵਿਚਾਲੇ ਦਲਿਤਾਂ ‘ਤੇ ਅੱਤਿਆਚਾਰ 46 ਫੀਸਦੀ ਤੇ ਕਬਾਇਲੀਆਂ ‘ਤੇ 91 ਫੀਸਦੀ ਵਧੇ ਹਨ | 2023 ਵਿੱਚ 57,789 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚ ਯੂ ਪੀ ਸਭ ਤੋਂ ਉੱਪਰ (15,368 ਮਾਮਲੇ, 26.6 ਫੀਸਦੀ) ਸੀ | ਮੱਧ ਪ੍ਰਦੇਸ਼, ਰਾਜਸਥਾਨ ਤੇ ਬਿਹਾਰ ਉਸ ਦੇ ਪਿੱਛੇ-ਪਿੱਛੇ ਸਨ | ਇਨ੍ਹਾਂ ਰਾਜਾਂ ਵਿੱਚ ਭਾਜਪਾ ਦਾ ਰਾਜ ਹੈ | ਕੀ ਇਹ ਸੰਜੋਗ ਹੈ ਕਿ ਭਾਜਪਾ ਰਾਜਾਂ ਵਿੱਚ ਦਲਿਤਾਂ ‘ਤੇ ਅੱਤਿਆਚਾਰ ਸਿਖਰਾਂ ‘ਤੇ ਹੈ? ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਨੇ ਕਿਹਾ ਸੀ ਕਿ ਦਲਿਤ ‘ਤੇ ਅੱਤਿਆਚਾਰਾਂ ਦਾ ਸਰੋਤ ਹਿੰਦੂ ਧਰਮ ਹੈ | ਉਨ੍ਹਾ 1927 ਵਿੱਚ ਮਨੂੰ ਸਿਮਰਤੀ ਸਾੜੀ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਸੇਵਾ ਕਰਨਾ ਸ਼ੂਦਰਾਂ ਦਾ ਧਰਮ ਹੈ | ਉਨ੍ਹਾਂ ਨੂੰ ਸਿੱਖਿਆ ਦਾ ਅਧਿਕਾਰ ਨਹੀਂ | ਮਨੂੰ ਸਿਮਰਤੀ ਦਲਿਤਾਂ ਨੂੰ ਗੁਲਾਮ ਬਣਾਈ ਰੱਖਣ ਦਾ ਦਸਤਾਵੇਜ਼ ਹੈ | ਡਾ. ਅੰਬੇਡਕਰ ਵੱਲੋਂ ਲਿਖਿਆ ਸੰਵਿਧਾਨ ਮਨਜ਼ੂਰ ਹੋਣ ਦੇ ਚਾਰ ਦਿਨ ਬਾਅਦ 30 ਨਵੰਬਰ 1949 ਨੂੰ ਆਰ ਐੱਸ ਐੱਸ ਦੇ ਤਰਜਮਾਨ ‘ਆਰਗੇਨਾਈਜ਼ਰ’ ਨੇ ਇਸ ਦੀ ਅਲੋਚਨਾ ਕਰਦਿਆਂ ਕਿਹਾ ਸੀ ਕਿ ਸੰਵਿਧਾਨ ਵਿੱਚ ਮਨੂੰ ਸਿਮਰਤੀ ਕਿਉਂ ਨਹੀਂ? ਉਪਰੋਕਤ ਤਿੰਨੇ ਘਟਨਾਵਾਂ ਸਮਾਜ ਵਿੱਚ ਫੈਲਾਏ ਜਾ ਰਹੇ ਮਨੂੰ ਸਿਮਰਤੀ ਦੇ ਜ਼ਹਿਰ ਦਾ ਨਤੀਜਾ ਹਨ | ਲੜਾਈ ਸਿੱਧੀ ਹੋ ਚੁੱਕੀ ਹੈ—ਸੰਵਿਧਾਨ ਜਾਂ ਮਨੂੰ ਸਿਮਰਤੀ | ਲੋਕ ਜਿਹੋ ਜਿਹਾ ਫੈਸਲਾ ਕਰਨਗੇ, ਉਹੋ ਜਿਹਾ ਨਤੀਜਾ ਭੁਗਤਣਗੇ |