ਐਡਮਿੰਟਨ ‘ਚ ਪੋਸਤ ਦੀ ਖੇਤੀ ਕਰਦੇ 4 ਪੰਜਾਬੀ ਕਾਬੂ

0
89

ਵੈਨਕੂਵਰ : ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਉੱਤਰੀ ਪਾਸੇ ਪੋਸਤ ਦੀ ਖੇਤੀ ਕਰਦੇ ਚਾਰ ਪੰਜਾਬੀਆਂ ਨੂੰ ਪੁਲਸ ਨੇ ਕਾਬੂ ਕੀਤਾ ਹੈ | ਪੁਲਸ ਨੇ ਇਨ੍ਹਾਂ ਦੇ ਖੇਤਾਂ ‘ਚੋਂ ਪੋਸਤ ਦੇ ਪਲੇ ਹੋਏ 60 ਹਜ਼ਾਰ ਬੂਟੇ ਵੀ ਜ਼ਬਤ ਕੀਤੇ ਹਨ | ਇਹ ਪੂਰਾ ਮਾਮਲਾ ਉਦੋਂ ਪੁਲਸ ਦੇ ਧਿਆਨ ਵਿੱਚ ਆਇਆ, ਜਦੋਂ ਬੂਟਿਆਂ ਨੂੰ ਫੁੱਲ ਲੱਗਣ ਤੋਂ ਬਾਅਦ ਉਨ੍ਹਾਂ ਦੇ ਡੋਡੇ ਬਣਨ ਲੱਗੇ | ਪੁਲਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ ਤਾਂ ਉਥੋਂ ਡੋਡੇ ਪੀਸ ਕੇ ਬਣਾਈ ਭੁੱਕੀ ਅਤੇ ਖਸਖਸ ਦੀਆਂ ਪੁੜੀਆਂ ਵੱਡੀ ਮਾਤਰਾ ਵਿੱਚ ਮਿਲੀਆਂ | ਪੁਲਸ ਨੇ ਸੁਖਦੀਪ ਧਨੋਆ (42), ਸੰਦੀਪ ਦੰਦੀਵਾਲ (33), ਗੁਰਪ੍ਰੀਤ ਸਿੰਘ (30) ਅਤੇ ਕੁਲਵਿੰਦਰ ਸਿੰਘ (40) ਖਿਲਾਫ਼ ਨਸ਼ਾ ਵਿਰੋਧੀ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ | ਐਡਮਿੰਟਨ ਪੁਲਸ ਦੇ ਡਰੱਗ ਐਂਡ ਗੈਂਗ ਐਨਫੋਰਸਮੈਂਟ ਟੀਮ ਦੇ ਬੁਲਾਰੇ ਸਾਰਜੈਂਟ ਮਾਰਕੋਂ ਐਂਟੋਨੀਓ ਨੇ ਦੱਸਿਆ ਕਿ ਸ਼ਹਿਰ ਦੇ ਉੱਤਰ ਪੂਰਬੀ ਖੇਤਰ ‘ਚ 195 ਐਵੇਨਿਊ ਅਤੇ 34 ਸਟਰੀਟ ਸਥਿਤ ਫਾਰਮ ਹਾਊਸ ਵਿੱਚ ਨਸ਼ੇ ਵਾਲੇ ਪਾਬੰਦੀਸ਼ੁਦਾ ਬੂਟਿਆਂ ਦੀ ਖੇਤੀ ਬਾਰੇ ਪਤਾ ਲੱਗਾ ਤਾਂ ਉਸ ‘ਤੇ ਨਿਗ੍ਹਾ ਰੱਖੀ ਗਈ | ਬੁਲਾਰੇ ਨੇ ਦੱਸਿਆ ਕਿ ਪੋਸਤ ਉਤਪਾਦਨ ਦੀ ਬਾਜ਼ਾਰੀ ਕੀਮਤ ਡੇਢ ਤੋਂ 5 ਲੱਖ ਦੱਸੀ ਜਾਂਦੀ ਹੈ | ਉਸ ਨੇ ਦੱਸਿਆ ਕਿ ਪੋਸਤ ਦੇ ਡੋਡਿਆਂ ਦੇ ਰਸ ਤੋਂ ਅਫੀਮ ਤੇ ਹੈਰੋਇਨ ਬਣਾਈ ਜਾਂਦੀ ਹੈ ਤੇ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਵੇਚਿਆ ਜਾਂਦਾ ਹੈ | ਬੁਲਾਰੇ ਨੇ ਦੱਸਿਆ ਕਿ ਕੈਨੇਡਾ ਵਿੱਚ ਪੋਸਤ ਦੀ ਨਜਾਇਜ਼ ਖੇਤੀ ਦਾ ਇਹ ਦੂਜਾ ਮਾਮਲਾ ਹੈ |