ਮਾਛੀਵਾੜਾ : ਲਾਗਲੇ ਪਿੰਡ ’ਚ 8 ਸਾਲ ਦੀ ਬੱਚੀ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਨ ’ਤੇ ਅਧਿਆਪਕ ਨੂੰ ਪਿੰਡ ਵਾਸੀਆਂ ਨੇ ਕੁਟਾਪਾ ਚਾੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਸਰਕਾਰੀ ਪ੍ਰਾਇਮਰੀ ਸਕੂਲ ਦੀ ਚੌਥੀ ’ਚ ਪੜ੍ਹਦੀ ਵਿਦਿਆਰਥਣ ਨੇ ਆਪਣੇ ਮਾਪਿਆਂ ਨੂੰ ਘਰ ਜਾ ਕੇ ਦੱਸਿਆ ਸੀ ਕਿ ਉਸ ਦਾ ਅਧਿਆਪਕ ਗਲਤ ਹਰਕਤਾਂ ਕਰਦਾ ਹੈ ਅਤੇ ਨਾਲ ਹੀ ਧਮਕੀ ਦਿੰਦਾ ਹੈ ਕਿ ਜੇ ਉਸ ਨੇ ਮਾਪਿਆਂ ਨੂੰ ਦੱਸਿਆ ਤਾਂ ਕੁੱਟ ਪਵੇਗੀ।
ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਕੁਝ ਦਿਨਾਂ ਤੋਂ ਸਹਿਮੀ ਹੋਈ ਦਿਖਾਈ ਦੇ ਰਹੀ ਸੀ ਪਰ ਜਦੋਂ ਉਸ ਨੇ ਆਪਣੀ ਦਾਦੀ ਤੇ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮੰਗਲਵਾਰ ਪਿੰਡ ਦੇ ਲੋਕ ਅਤੇ ਪੰਚਾਇਤ ਸਕੂਲ ਪੁੱਜੇ, ਜਿਥੇ ਪਹਿਲਾਂ ਤਾਂ ਉਨ੍ਹਾਂ ਨੇ ਅਧਿਆਪਕ ਨੂੰ ਕੁਟਾਪਾ ਚਾੜ੍ਹਿਆ ਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਅਧਿਆਪਕ ਨੂੰ ਕੂੰਮ ਕਲਾਂ ਦੀ ਪੁਲਸ ਗਿ੍ਰਫਤਾਰ ਕਰਕੇ ਲੈ ਗਈ। ਪਿੰਡ ਵਾਸੀਆਂ ਨੇ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਅਧਿਆਪਕ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੌਰਾਨ ਅਧਿਆਪਕ ਨੇ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗੀ। ਉਹ ਪਿੰਡ ਵਾਸੀਆਂ ਦੀਆਂ ਮਿੰਨਤਾਂ ਕਰ ਰਿਹਾ ਸੀ। ਦੂਸਰੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿੱਖਿਆ ਵਿਭਾਗ ਵੱਲੋਂ ਸਕੂਲ ਵਿਚ ਆਪਣੇ ਅਧਿਕਾਰੀ ਭੇਜੇ ਗਏ, ਜਿੱਥੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਇਹ ਅਧਿਆਪਕ ਸਕੂਲ ’ਚ ਪੜ੍ਹਦੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਤੇ ਉਹ ਸਾਰੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਣਗੇ।