ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਸਾਢੇ ਤਿੰਨ ਸਾਲ ਦੀ ਨਰਸਰੀ ਦੀ ਵਿਦਿਆਰਥਣ ਨਾਲ ਉਸ ਦੇ ਸਕੂਲ ਬੱਸ ਡਰਾਈਵਰ ਨੇ ਵਾਹਨ ਦੇ ਅੰਦਰ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਪੁਲਸ ਨੇ ਬੱਸ ਡਰਾਈਵਰ ਅਤੇ ਮਹਿਲਾ ਅਟੈਂਡੈਂਟ ਨੂੰ ਗਿ੍ਰਫਤਾਰ ਕਰ ਲਿਆ ਹੈ, ਜੋ ਬੱਚੇ ਦੇ ਮਾਤਾ-ਪਿਤਾ ਦੇ ਮੁਤਾਬਕ ਪਿਛਲੇ ਵੀਰਵਾਰ ਨੂੰ ਘਟਨਾ ਦੇ ਸਮੇਂ ਗੱਡੀ ਦੇ ਅੰਦਰ ਮੌਜੂਦ ਸੀ।
ਇਹ ਪੁੱਛੇ ਜਾਣ ’ਤੇ ਕਿ ਕੀ ਸਕੂਲ ਮੈਨੇਜਮੈਂਟ ਨੇ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਸੰਬੰਧੀ ਸਕੂਲ ਪਿ੍ਰੰਸੀਪਲ ਨਾਲ ਸੰਪਰਕ ਨਹੀਂ ਹੋ ਸਕਿਆ। ਸ਼ਹਿਰ ਦੇ ਪ੍ਰਮੁੱਖ ਪ੍ਰਾਈਵੇਟ ਸਕੂਲ ’ਚ ਪੜ੍ਹਦੀ ਬੱਚੀ ਬੱਸ ’ਚ ਸਵਾਰ ਹੋ ਕੇ ਘਰ ਪਰਤ ਰਹੀ ਸੀ, ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।