ਕਬਾੜੀਏ ਨੇ ਕਬਾੜਾ ਕਰ’ਤਾ

0
102

ਚੰਡੀਗੜ੍ਹ : ਪੰਜਾਬ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਹਾਈ-ਪ੍ਰੋਫਾਈਲ ਰਿਸ਼ਵਤਖੋਰੀ ਦੇ ਕੇਸ ਵਿੱਚ ਸੀ ਬੀ ਆਈ ਵੱਲੋਂ ਗਿ੍ਫਤਾਰ ਕੀਤੇ ਜਾਣ ਤੋਂ ਬਾਅਦ ਗੰਭੀਰ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ | ਇਹ ਕੇਸ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਡੀਲਰ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਇਆ, ਜਿਸ ਨੇ ਅਧਿਕਾਰੀ ‘ਤੇ ਪੁਲਸ ਕਾਰਵਾਈ ਤੋਂ ਬਚਾਅ ਬਦਲੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ |
ਬੱਤਾ ਨੇ ਸੀ ਬੀ ਆਈ ਨੂੰ ਦੱਸਿਆ ਸੀ ਕਿ ਭੁੱਲਰ, ਕਿ੍ਸ਼ਨੰੂ ਸ਼ਾਰਦਾ ਨਾਂਅ ਦੇ ਇੱਕ ਵਿਚੋਲੇ ਰਾਹੀਂ ਉਸ ਦੇ ਕਾਰੋਬਾਰ ਨੂੰ ਪੁਲਸ ਦੀ ਦਖਲਅੰਦਾਜ਼ੀ ਤੋਂ ਬਚਾਉਣ ਲਈ ਮਹੀਨਾਵਾਰ ਰਿਸ਼ਵਤ (ਜਿਸ ਨੂੰ ‘ਸੇਵਾ-ਪਾਣੀ’ ਕਿਹਾ ਜਾਂਦਾ ਸੀ) ਦੀ ਮੰਗ ਕਰ ਰਹੇ ਸਨ | ਬੱਤਾ ਨੇ ਦਾਅਵਾ ਕੀਤਾ ਕਿ 2023 ਵਿੱਚ ਸਰਹਿੰਦ ਵਿਖੇ ਉਸ ਦੇ ਵਿਰੁੱਧ ਇੱਕ ਐੱਫ ਆਈ ਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਸੀ ਕਿ ਉਸ ਨੇ ਆਪਣੇ ਕਾਰੋਬਾਰ ਵਿੱਚ ਜਾਅਲੀ ਬਿੱਲਾਂ ਦੀ ਵਰਤੋਂ ਕੀਤੀ ਸੀ | ਉਸ ਅਨੁਸਾਰ ਦੋਸ਼ ਝੂਠੇ ਸਨ ਅਤੇ ਪੈਸੇ ਕਢਵਾਉਣ ਲਈ ਦਬਾਅ ਬਣਾਉਣ ਵਾਸਤੇ ਵਰਤੇ ਜਾ ਰਹੇ ਸਨ | ਸ਼ਿਕਾਇਤ ਅਨੁਸਾਰ ਡੀ ਆਈ ਜੀ ਭੁੱਲਰ ਨੇ ਐੱਫ ਆਈ ਆਰ ਦਾ ਨਿਬੇੜਾ ਕਰਨ ਲਈ 8 ਲੱਖ ਰੁਪਏ ਦੀ ਇਕਮੁਸ਼ਤ ਰਿਸ਼ਵਤ ਦੀ ਮੰਗ ਕੀਤੀ ਅਤੇ ਬਿਨਾਂ ਕਿਸੇ ਮੁਸ਼ਕਲ ਤੋਂ ਬੱਤਾ ਨੂੰ ਆਪਣਾ ਕਾਰੋਬਾਰ ਚਲਾਉਣ ਦੇਣ ਲਈ ਮਹੀਨਾਵਾਰ ਭੁਗਤਾਨ ‘ਤੇ ਵੀ ਜ਼ੋਰ ਦਿੱਤਾ ਸੀ | ਸੀ ਬੀ ਆਈ ਨੇ ਕਥਿਤ ਵਿਚੋਲਾ ਭੁੱਲਰ ਲਈ ਪੈਸੇ ਲੈਂਦਾ ਫੜ ਲਿਆ | ਸਬੂਤਾਂ ਦੇ ਆਧਾਰ ‘ਤੇ ਸੀ ਬੀ ਆਈ ਨੇ ਡੀ ਆਈ ਜੀ ਭੁੱਲਰ ਨੂੰ ਵੀ ਉਸ ਦੇ ਮੁਹਾਲੀ ਦਫਤਰ ਤੋਂ ਗਿ੍ਫਤਾਰ ਕਰ ਲਿਆ |
ਸੀ ਬੀ ਆਈ ਨੇ ਕਾਰਵਾਈ ਦੌਰਾਨ ਡੀ ਆਈ ਜੀ ਭੁੱਲਰ ਦੇ ਚੰਡੀਗੜ੍ਹ ਸਥਿਤ ਘਰੋਂ 7.50 ਕਰੋੜ ਰੁਪਏ ਨਕਦ ਬਰਾਮਦ ਕੀਤੇ | ਇਸ ਤੋਂ ਇਲਾਵਾ 2.5 ਕਿੱਲੋ ਸੋਨੇ ਦੇ ਗਹਿਣੇ, ਰੋਲੈਕਸ ਅਤੇ ਰਾਡੋ ਸਮੇਤ 26 ਮਹਿੰਗੀਆਂ ਘੜੀਆਂ, 50 ਤੋਂ ਵੱਧ ਜਾਇਦਾਦਾਂ ਨਾਲ ਸੰਬੰਧਤ ਦਸਤਾਵੇਜ਼, ਅਸਲਾ, ਆਲੀਸ਼ਾਨ ਵਾਹਨਾਂ ਦੀਆਂ ਚਾਬੀਆਂ, ਵਿਦੇਸ਼ੀ ਸ਼ਰਾਬ, ਅਤੇ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ | ਭੁੱਲਰ ਦੇ ਸਮਰਾਲਾ ਫਾਰਮ ਹਾਊਸ ਤੋਂ ਹੋਰ ਨਕਦੀ, ਸ਼ਰਾਬ ਤੋੋਂ ਇਲਾਵਾ ਵਿਚੋਲੇ ਕਿ੍ਸ਼ਨੂੰ ਤੋਂ 21 ਲੱਖ ਰੁਪਏ ਜ਼ਬਤ ਕੀਤੇ ਗਏ |