ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਮੁਖੀ ਅਮਰ ਪ੍ਰੀਤ ਸਿੰਘ ਗੁਰਦੁਆਰਾ ਮੋਤੀ ਬਾਗ ਤੋਂ ਸਜਾਏ ਗਏ ਨਗਰ ਕੀਰਤਨ ਵਿੱਚ ਸ਼ਾਮਲ ਹੋਏ, ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਤਖ਼ਤ ਪਟਨਾ ਸਾਹਿਬ ਲਈ ਰਵਾਨਾ ਹੋਣਗੇ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਪਰਵਾਰ, ਜੋ ਪਿਛਲੇ 300 ਸਾਲਾਂ ਤੋਂ ਇਨ੍ਹਾਂ ਪਵਿੱਤਰ ਜੋੜੇ ਸਾਹਿਬ ਦਾ ਸੇਵਾਦਾਰ ਰਿਹਾ ਹੈ, ਨੇ ਇਨ੍ਹਾਂ ਦੀ ਦੇਖਭਾਲ ਅਤੇ ਜ਼ਿੰਮੇਵਾਰੀ ਸਿੱਖ ਸੰਗਤ ਨੂੰ ਸੌਂਪ ਦਿੱਤੀ ਹੈ | ਇਹ ਪਵਿੱਤਰ ਜੋੜੇ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਗਏ ਸਨ ਅਤੇ ਸੰਗਤ ਦੇ ਦਰਸ਼ਨਾਂ ਲਈ ਮੋਤੀ ਬਾਗ ਗੁਰਦੁਆਰਾ ਵਿਖੇ ਸੁਸ਼ੋਭਿਤ ਕੀਤੇ ਗਏ ਸਨ | ਹਰਦੀਪ ਪੁਰੀ ਖੁਦ ਕੱਲ੍ਹ ਜੋੜੇ ਸਾਹਿਬ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਏ ਸਨ | ਇਹ ਪਵਿੱਤਰ ਜੋੜੇ ਸਾਹਿਬ ਦਿੱਲੀ ਤੋਂ ਪਟਨਾ ਤੱਕ 1500 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕਈ ਸ਼ਹਿਰਾਂ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਜਾਣਗੇ | ਇਨ੍ਹਾਂ ਨੂੰ ਤਖ਼ਤ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇਗਾ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ |



