ਸੈਕਰਾਮੈਂਟੋ : ਕੈਲੀਫੋਰਨੀਆ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ | ਇਸ ਸੰਬੰਧੀ ਯੂਬਾ ਸਿਟੀ ਦੇ 21 ਸਾਲਾ ਭਾਰਤੀ ਮੂਲ ਦੇ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਕਥਿਤ ਤੌਰ ‘ਤੇ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਤੇ ਇੱਕ ਜਾਨਲੇਵਾ ਹਾਦਸਾ ਕਰਨ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਹੈ | ਇਹ ਹਾਦਸਾ ਕੈਲੀਫੋਰਨੀਆ ਦੇ 10 ਫਰੀਵੇਅ ‘ਤੇ ਓਾਟਾਰੀਓ ਵਿਖੇ ਵਾਪਰਿਆ | ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਜਸ਼ਨ ਟਰੱਕ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਉਹ ਬਰੇਕ ਲਗਾਉਣ ਵਿੱਚ ਅਸਫਲ ਰਿਹਾ | ਫੌਕਸ ਨਿਊਜ਼ ਦੇ ਰਿਪੋਰਟਰ ਬਿੱਲ ਮੇਲੁਗਿਨ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜਸ਼ਨਪ੍ਰੀਤ ਸਿੰਘ ਭਾਰਤ ਤੋਂ ਇੱਕ ਗੈਰ-ਕਾਨੂੰਨੀ ਪਰਵਾਸੀ ਹੈ, ਜਿਸ ਨੂੰ 2022 ਵਿੱਚ ਸੰਘੀ ਅਧਿਕਾਰੀਆਂ ਵੱਲੋਂ ਰਿਹਾਅ ਕੀਤਾ ਗਿਆ ਸੀ | ਹਾਦਸੇ ਦੇ ਪੀੜਤਾਂ ਦੀ ਅਜੇ ਤੱਕ ਜਨਤਕ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ |



