ਡਾਕਟਰ ਜਬਰ-ਜ਼ਨਾਹ ਮਾਮਲੇ ‘ਚ ਇੱਕ ਮੁਲਜ਼ਮ ਗਿ੍ਫ਼ਤਾਰ

0
121

ਮੁੰਬਈ : ਮਹਾਰਾਸ਼ਟਰ ਵਿੱਚ ਇਕ ਮਹਿਲਾ ਡਾਕਟਰ ਨਾਲ ਹੋਏ ਜਬਰ-ਜ਼ਨਾਹ ਨੇ ਸਮਾਜਕ ਤੇ ਸਿਆਸੀ ਹਲਕਿਆਂ ਵਿੱਚ ਭੂਚਾਲ ਲਿਆ ਦਿੱਤਾ ਹੈ | ਖੁਦਕੁਸ਼ੀ ਕਰਨ ਤੋਂ ਪਹਿਲਾਂ 26 ਸਾਲਾ ਡਾਕਟਰ ਨੇ ਆਪਣੀ ਹਥੇਲੀ ਉਪਰ ਆਤਮ-ਹੱਤਿਆ ਨੋਟ ਲਿਖਿਆ, ਜਿਸ ਵਿੱਚ ਉਸ ਨੇ ਦੋ ਪੁਲਸ ਅਫਸਰਾਂ ਉਪਰ ਜਬਰ-ਜ਼ਨਾਹ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ | ਮਿ੍ਤਕਾ ਨੇ ਚਾਰ ਪੰਨਿਆਂ ਦਾ ਇੱਕ ਪੱਤਰ ਵੀ ਛੱਡਿਆ ਹੈ | ਇਸ ਪੱਤਰ ਵਿੱਚ ਜਿਨਸੀ ਹਮਲੇ, ਤੰਗ-ਪਰੇਸ਼ਾਨ ਕਰਨ ਅਤੇ ਭਿ੍ਸ਼ਟਾਚਾਰ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ ਹਨ | ਸ਼ਨਿਚਰਵਾਰ ਨੂੰ ਇਸ ਕੇਸ ਵਿੱਚ ਪੁਲਸ ਨੇ ਪੁਣੇ ਤੋਂ ਇਕ ਮੁਲਜ਼ਮ ਪ੍ਰਸ਼ਾਂਤ ਬਾਂਕਰ ਨੂੰ ਗਿ੍ਫਤਾਰ ਕੀਤਾ ਹੈ | ਫਲਟਨ ਸਬ-ਡਿਸਟਿ੍ਕਟ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਇਸ ਡਾਕਟਰ ਨੇ ਸਬ-ਇੰਸਪੈਕਟਰ ਗੋਪਾਲ ਬਡਨੇ ‘ਤੇ ਚਾਰ ਵਾਰ ਜਬਰ-ਜ਼ਨਾਹ ਕਰਨ ਅਤੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ | ਸੁਸਾਈਡ ਨੋਟ ਵਿੱਚ ਡਾਕਟਰ ਨੇ ਇਹ ਵੀ ਦੋਸ਼ ਲਾਇਆ ਕਿ ਪੁਲਸ ਅਧਿਕਾਰੀਆਂ, ਇੱਕ ਸੰਸਦ ਮੈਂਬਰ ਤੇ ਉਸ ਦੇੇ ਨਿੱਜੀ ਸਹਾਇਕਾਂ ਸਮੇਤ ਹੋਰਨਾਂ ਨੇ ਉਸ ‘ਤੇ ਅਜਿਹੇ ਵਿਅਕਤੀਆਂ ਦੇ ਫਰਜ਼ੀ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਦਬਾਅ ਪਾਇਆ, ਜਿਨ੍ਹਾਂ ਨੂੰ ਕਦੇ ਮੈਡੀਕਲ ਜਾਂਚ ਲਈ ਲਿਆਂਦਾ ਹੀ ਨਹੀਂ ਗਿਆ | ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਤੰਗ- ਪਰੇਸ਼ਾਨ ਕੀਤਾ ਗਿਆ ਅਤੇ ਡਰਾਇਆ-ਧਮਕਾਇਆ ਗਿਆ | ਡਾਕਟਰ ਲੱਗਭੱਗ ਦੋ ਸਾਲਾਂ ਤੋਂ ਪੇਂਡੂ ਹਸਪਤਾਲ ਵਿੱਚ ਸੇਵਾ ਨਿਭਾਅ ਰਹੀ ਸੀ ਅਤੇ ਆਪਣੇ ਲਾਜ਼ਮੀ ਬਾਂਡ ਦੀ ਮਿਆਦ ਪੂਰੀ ਕਰਨ ਤੋਂ ਸਿਰਫ਼ ਇੱਕ ਮਹੀਨਾ ਦੂਰ ਸੀ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਡਿਗਰੀ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਸੀ | ਉਸ ਦੇ ਚਚੇਰੇ ਭਰਾ ਨੇ ਇਕ ਚੈਨਲ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ, ਐੱਸ ਪੀ ਅਤੇ ਡੀ ਐੱਸ ਪੀ ਨੂੰ ਲਿਖਿਆ, ਪਰ ਕੋਈ ਕਾਰਵਾਈ ਨਹੀਂ ਹੋਈ | ਉਸ ਨੇ ਕਿਹਾ, ”ਉਸ ਨੇ ਸਾਫ਼ ਤੌਰ ‘ਤੇ ਜ਼ਿਕਰ ਕੀਤਾ ਸੀ ਕਿ ਜੇ ਉਸ ਨਾਲ ਕੁਝ ਵੀ ਹੁੰਦਾ ਹੈ, ਤਾਂ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ |” ਡਾਕਟਰ ਦੀ ਮੌਤ ਤੋਂ ਬਾਅਦ ਗੋਪਾਲ ਬਡਨੇ ਅਤੇ ਪ੍ਰਸ਼ਾਂਤ ਬਾਂਕਰ ਦੋਵਾਂ ਵਿਰੁੱਧ ਜਬਰ-ਜ਼ਨਾਹ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ | ਇੰਸਪੈਕਟਰ ਜਨਰਲ ਆਫ਼ ਪੁਲਸ (ਕੋਲਹਾਪੁਰ ਡਵੀਜ਼ਨ) ਸੁਨੀਲ ਫੁਲਾਰੀ ਨੇ ਪੁਸ਼ਟੀ ਕੀਤੀ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਪਲੱਬਧ ਸਬੂਤਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ | ਇਸ ਘਟਨਾ ਨੇ ਮਹਾਰਾਸ਼ਟਰ ਵਿੱਚ ਰਾਜਨੀਤਕ ਤੂਫ਼ਾਨ ਲਿਆ ਦਿੱਤਾ ਹੈ | ਕਾਂਗਰਸ ਦੇ ਨੇਤਾ ਵਿਜੇ ਵਡੇਟੀਵਾਰ ਨੇ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਪੁਲਸ ਨੂੰ ਬਚਾਉਣ ਅਤੇ ਡਾਕਟਰ ਦੀਆਂ ਪਹਿਲੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ, ‘ਜਦੋਂ ਰੱਖਿਅਕ ਹੀ ਸ਼ਿਕਾਰੀ ਬਣ ਜਾਵੇ, ਤਾਂ ਲੋਕ ਨਿਆਂ ਕਿੱਥੋਂ ਮੰਗਣਗੇ?’ ਭਾਜਪਾ ਨੇਤਾ ਚਿਤ੍ਰਾ ਵਾਘ ਨੇ ਇਸ ਘਟਨਾ ਨੂੰ ‘ਮੰਦਭਾਗਾ ਦੱਸਿਆ ਅਤੇ ਭਰੋਸਾ ਦਿੱਤਾ ਕਿ ਪੂਰੀ ਜਾਂਚ ਕੀਤੀ ਜਾਵੇਗੀ |’ ਉਨ੍ਹਾਂ ਅÏਰਤਾਂ ਨੂੰ 112 ਹੈਲਪਲਾਈਨ ਰਾਹੀਂ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਅਤੇ ਤੁਰੰਤ ਕਾਰਵਾਈ ਦਾ ਵਾਅਦਾ ਕੀਤਾ | ਪੁਲਸ ਅਨੁਸਾਰ ਬਾਂਕਰ ਉਸ ਘਰ ਦੇ ਮਕਾਨ ਮਾਲਕ ਦਾ ਪੁੱਤਰ ਹੈ, ਜਿੱਥੇ ਡਾਕਟਰ ਕਿਰਾਏ ‘ਤੇ ਰਹਿੰਦੀ ਸੀ | ਪੁਲਸ ਨੇ ਦੱਸਿਆ ਕਿ ਮਰਨ ਤੋਂ ਕੁਝ ਸਮਾਂ ਪਹਿਲਾਂ ਡਾਕਟਰ ਨੇ ਪ੍ਰਸ਼ਾਂਤ ਬਾਂਕਰ ਨੂੰ ਫੋਨ ਕੀਤਾ ਸੀ ਅਤੇ ਦੋਵਾਂ ਨੇ ਮੋਬਾਈਲ ਫ਼ੋਨ ‘ਤੇ ਚੈਟ ਸੁਨੇਹੇ ਵੀ ਸਾਂਝੇ ਕੀਤੇ ਸਨ | ਮਿ੍ਤਕਾ ਦੇ ਇੱਕ ਰਿਸ਼ਤੇਦਾਰ ਨੇ ਦੋਸ਼ ਲਾਇਆ ਕਿ ਡਾਕਟਰ ‘ਤੇ ਪੁਲਸ ਵੱਲੋਂ ਮੈਡੀਕਲ ਰਿਪੋਰਟਾਂ ਨੂੰ ਗਲਤ ਸਾਬਤ ਕਰਨ ਲਈ ਵੀ ਦਬਾਅ ਪਾਇਆ ਗਿਆ ਸੀ | ਇਸੇ ਦੌਰਾਨ ਡਾਕਟਰ ਦੀ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇੱਕ ਸੁਤੰਤਰ ਜਾਂਚ ਅਤੇ ਐੱਸ.ਆਈ.ਟੀ. (ਸਿੱਟ) ਜਾਂਚ ਦੀ ਮੰਗ ਕੀਤੀ ਹੈ | ਵਿਰੋਧੀ ਧਿਰ ਨੇ ਇਸ ਘਟਨਾ ਨੂੰ ਲੈ ਕੇ ਮਹਾਯੁਤੀ ਸਰਕਾਰ ਨੂੰ ਨਿਸ਼ਾਨਾ ਬਣਾਇਆ, ਉੱਥੇ ਹੀ ਸੂਬੇ ਦੇ ਮੰਤਰੀਆਂ ਨੇ ਕਿਹਾ ਕਿ ਪੁਲਸ ਨਿਰਪੱਖ ਅਤੇ ਵਿਸਤਿ੍ਤ ਜਾਂਚ ਕਰੇਗੀ |