ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ‘ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗ ਖੇੜਾ ਦਾ ਰਕਬਾ ਗੁਆਚ ਗਿਆ ਹੈ, ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ ਦੇ ਬਿੱਲ ਨਹੀਂ ਬਣ ਸਕੇ | ਪੋਰਟਲ ‘ਤੇ ਪਿੰਡਾਂ ਦੇ ਗਾਇਬ ਰਕਬੇ ਕਾਰਨ ਪੀੜਤ ਕਿਸਾਨ ਕਾਫ਼ੀ ਪਰੇਸ਼ਾਨੀ ਵਿੱਚ ਹਨ, ਉਨ੍ਹਾਂ ਦਾ ਕਰੋੜਾਂ ਰੁਪਏ ਦਾ ਝੋਨਾ ਅਣਵਿਕਿਆ ਪਿਆ ਹੈ | ਪਿੰਡ ਕਿੱਲਿਆਂਵਾਲੀ ਦਾ ਰਕਬਾ ਕਰੀਬ 5000 ਏਕੜ ਅਤੇ ਪਿੰਡ ਵੜਿੰਗ ਖੇੜਾ ਦਾ ਰਕਬਾ ਲਗਭਗ 4000 ਏਕੜ ਹੈ | ਹਾਲਾਂ ਕਿ ਇਹ ਰਕਬਾ ਮਾਲ ਵਿਭਾਗ ਦੇ ਵੈੱਬ ਪੋਰਟਲ ‘ਤੇ ਮੌਜੂਦ ਹੈ | ਇਸ ਸੰਬੰਧੀ ਖੁਲਾਸਾ ਆੜ੍ਹਤੀਆਂ ਵੱਲੋਂ ਝੋਨਾ ਫ਼ਸਲ ਦੇ ਬਿੱਲ ਬਣਾਉਣ ਮੌਕੇ ਜ਼ਮੀਨ ਦਾ ਰਕਬਾ ਪੋਰਟਲ ‘ਤੇ ਜ਼ਮੀਨ ਮੈਪ ਕਰਨ ਮੌਕੇ ਹੋਇਆ | ਆੜ੍ਹਤੀਆਂ ਮੁਤਾਬਕ ਪਿਛਲੇ ਸੀਜ਼ਨ 2024-25 ਵਿੱਚ ਲੈਂਡ ਮੈਪਿੰਗ ਦੌਰਾਨ ਇਹ ਰਕਬਾ ਪੂਰੀ ਤਰਾਂ ਪੋਰਟਲ ‘ਤੇ ਦਰਜ ਸੀ | ਸੂਤਰਾਂ ਦਾ ਮੰਨਣਾ ਹੈ ਕਿ ਮਾਰਕੀਟ ਕਮੇਟੀ ਕਿੱਲਿਆਂਵਾਲੀ ਦਾ ਨਵਾਂ ਗਠਨ ਹੋਇਆ ਹੈ | ਉਸ ਤੋਂ ਬਾਅਦ ਨਵੀਂਆਂ ਅਧਿਕਾਰਤ ਆਈ ਡੀਜ਼ ਬਣਨ ਦੌਰਾਨ ਇਸ ਸਾਲ (ਸਾਉਣੀ ਸੀਜ਼ਨ 2025-26) ਦੌਰਾਨ ਡਾਟਾ ਕਿਸੇ ਤਕਨੀਕੀ ਖਾਮੀ ਕਰਕੇ ਵਿਖਾਈ ਨਹੀਂ ਦੇ ਰਿਹਾ | ਪਿੰਡ ਕਿੱਲਿਆਂਵਾਲੀ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਦੀ ਫਸਲ ਤੁਲਾਈ ਹੋਏ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਬਿੱਲ ਨਹੀਂ ਬਣਿਆ | ਆੜ੍ਹਤੀਆਂ ਨੇ ਕਿਹਾ ਕਿ ਰਕਬਾ ਨਾ ਵਿਖਾਈ ਦੇਣ ਕਰਕੇ ਉਹ ਬਿੱਲ ਬਣਾਉਣ ਵਿੱਚ ਅਸਮਰਥ ਹਨ |




