ਸਾੜ੍ਹੀਆਂ ਨਹੀਂ ਤਾਂ ਕੁਰਸੀਆਂ ਸਹੀ

0
99

ਫਾਰਬਿਸਗੰਜ : ਬਿਹਾਰ ਦੇ ਅਰਰੀਆ ਫਾਰਬਿਸਗੰਜ ਅਸੈਂਬਲੀ ਹਲਕੇ ਵਿੱਚ ਹੁਕਮਰਾਨ ਐੱਨ ਡੀ ਏ ਦੇ ਚੋਣ ਦਫਤਰ ਦੇ ਉਦਘਾਟਨ ਵੇਲੇ ‘ਲਾਲਚ’ ਦੇ ਕੇ ਬੀਬੀਆਂ ਵੀ ਇਕੱਠੀਆਂ ਗਈਆਂ | ਉਦਘਾਟਨ ਚਾਰ ਵਜੇ ਹੋਣਾ ਸੀ, ਪਰ ਆਗੂ ਵਕਤ ‘ਤੇ ਨਹੀਂ ਪੁੱਜੇ ਤਾਂ ਛਠ ਪੂਜਾ ਦੇ ਦਿਨਾਂ ਵਿੱਚ ਸਾੜ੍ਹੀ ਤੇ ਪੂਜਾ ਸਮੱਗਰੀ ਮਿਲਣ ਦੀ ਆਸ ਨਾਲ ਪੁੱਜੀਆਂ ਬੀਬੀਆਂ ਖਿਝ ਗਈਆਂ ਅਤੇ ਕੁਰਸੀਆਂ ਚੁੱਕ ਕੇ ਹੀ ਤੁਰਦੀਆਂ ਬਣੀਆਂ |
ਬਾਹੂਬਲੀ ਦਾ ਮੰਚ ਡਿੱਗਿਆ
ਮੋਕਾਮਾ : ਬਿਹਾਰ ਦੇ ਮੋਕਾਮਾ ਹਲਕੇ ਤੋਂ ਜਨਤਾ ਦਲ (ਯੂ) ਦੇ ਬਾਹੂਬਲੀ ਉਮੀਦਵਾਰ ਅਨੰਤ ਸਿੰਘ ਉਰਫ ਛੋਟੇ ਸਰਕਾਰ ਸਨਿੱਚਰਵਾਰ ਰਾਮਪੁਰ-ਡੂਮਰਾ ਪਿੰਡ ‘ਚ ਸੰਬੋਧਨ ਕਰ ਰਹੇ ਸਨ ਤਾਂ ਜ਼ਿੰਦਾਬਾਦ ਦੇ ਨਾਅਰਿਆਂ ਦੇ ਦਰਮਿਆਨ ਮੰਚ ਢਹਿ ਗਿਆ | ਗਨੀਮਤ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ |
ਖਾਲਿਦ ਤੇ ਸ਼ਰਜੀਲ ਦੀ ਸੁਣਵਾਈ ਅੱਜ
ਨਵੀਂ ਦਿੱਲੀ : ਸੁਪਰੀਮ ਕੋਰਟ ਫਰਵਰੀ 2020 ਦੀ ਦਿੱਲੀ ਹਿੰਸਾ ਦੀ ਕਥਿਤ ਸਾਜ਼ਿਸ਼ ਦੇ ਸੰਬੰਧ ‘ਚ ਯੂ ਏ ਪੀ ਏ ਤਹਿਤ ਜੇਲ੍ਹ ਵਿੱਚ ਬੰਦ ਉਮਰ ਖਾਲਿਦ, ਸ਼ਰਜੀਲ ਇਮਾਮ, ਗੁਲਫਿਸ਼ਾ ਫਾਤਿਮਾ ਤੇ ਮੀਰਾਂ ਹੈਦਰ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ‘ਤੇ ਸੋਮਵਾਰ ਸੁਣਵਾਈ ਕਰੇਗੀ |
ਚੀਨ ਨੇ ਬਣਾਈ ਸਭ ਤੋਂ ਤੇਜ਼ ਟਰੇਨ
ਬੀਜਿੰਗ : ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟਰੇਨ ਬਣਾ ਲਈ ਹੈ, ਜੋ ਇਸ ਸਮੇ ਪ੍ਰੀ-ਸਰਵਿਸ ਟਰਾਇਲਾਂ ਵਿੱਚੋਂ ਲੰਘ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਵਪਾਰਕ ਵਰਤੋਂ ਲਈ ਚੀਨੀ ਪਟੜੀਆਂ ‘ਤੇ ਉਤਾਰਿਆ ਜਾਵੇਗਾ | ਇਸ ਬੁਲੇਟ ਟਰੇਨ ਦੀ ਰਫਤਾਰ 450 ਕਿਲੋਮੀਟਰ ਪ੍ਰਤੀ ਘੰਟਾ ਹੈ | ਇਸ ਟਰੇਨ ਨੇ ਚੀਨ ਦੀ ਸ਼ੰਘਾਈ-ਚੌਂਗਕਿੰਗ-ਚੇਂਗਡੂ ਰੇਲਵੇ ਲਾਈਨ ‘ਤੇ ਟਰਾਇਲਾਂ ਦੌਰਾਨ 450 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ਪ੍ਰਾਪਤ ਕੀਤੀ, ਜੋ ਵਿਸ਼ਵ ਵਿੱਚ ਇਸ ਨੂੰ ਸਭ ਤੋਂ ਵੱਧ ਰਫਤਾਰ ਵਾਲੀ ਟਰੇਨ ਬਣਾਉਂਦੀ ਹੈ |
ਬੱਚਿਆਂ ਨੂੰ ਅਲਫ਼ ਨੰਗਾ ਕਰ ਕੇ ਕੁੱਟਿਆ
ਜ਼ੀਰਕਪੁਰ : ਬਿਸਕੁਟ ਚੁੱਕ ਕੇ ਖਾਣ ਕਾਰਨ ਇਕ ਦੁਕਾਨਦਾਰ ਵੱਲੋਂ 2 ਬੱਚਿਆਂ ਨੂੰ ਅਲਫ਼ ਨੰਗਾ ਕਰਕੇ ਕੁੱਟਣ ਦੀ ਖਬਰ ਹੈ | ਪੁਲਸ ਨੇ ਬੱਚਿਆਂ ਨੂੰ ਕੱਪੜੇ ਉਤਾਰ ਕੇ ਕੁੱਟਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਤੁਰੰਤ ਨੋਟਿਸ ਲਿਆ ਅਤੇ ਜਾਂਚ ਅਧਿਕਾਰੀ ਤੋਂ ਵਿਸਤਿ੍ਤ ਰਿਪੋਰਟ ਮੰਗੀ | ਬੱਚਿਆਂ ਦੇ ਪਰਵਾਰ ਇਸ ਘਟਨਾ ਤੋਂ ਕਾਫ਼ੀ ਨਾਰਾਜ਼ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੱਚਿਆਂ ਨੇ ਕੋਈ ਗ਼ਲਤੀ ਕੀਤੀ ਸੀ, ਤਾਂ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਣੀ ਚਾਹੀਦੀ ਸੀ, ਪਰ ਅਜਿਹੀ ਸ਼ਰਮਨਾਕ ਕੁੱਟਮਾਰ ਪੂਰੀ ਤਰ੍ਹਾਂ ਨਿੰਦਣਯੋਗ ਹੈ | ਪੀੜਤ ਬੱਚਿਆਂ ਦੇ ਪਰਵਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਗ਼ਲਤੀ ਲਈ ਥੱਪੜ ਮਾਰਨਾ ਜਾਂ ਝਿੜਕਣਾ ਜਾਇਜ਼ ਸੀ, ਪਰ ਉਨ੍ਹਾਂ ਨੂੰ ਕੱਪੜੇ ਉਤਾਰ ਕੇ ਮਾਰਕੁੱਟ ਕਰਨੀ ਅਤੇ ਵੀਡੀਓ ਬਣਾਉਣੀ ਪੂਰੀ ਤਰ੍ਹਾਂ ਗ਼ਲਤ ਹੈ | ਇਕ ਬੱਚੇ ਦੀ ਮਾਂ ਨੇ ਭਾਵੁਕ ਹੋ ਕੇ ਕਿਹਾ—ਜੇਕਰ ਮੇਰੇ ਪੁੱਤਰ ਨੇ ਬਿਸਕੁਟ ਚੁੱਕ ਕੇ ਖਾ ਲਏ ਸਨ ਤਾਂ ਉਹ ਉਨ੍ਹਾਂ ਦੇ ਪੈਸੇ ਲੈ ਸਕਦੇ ਸਨ, ਪਰ ਉਸ ਨੂੰ ਕੱਪੜੇ ਉਤਾਰ ਕੇ ਕੁੱਟਣਾ ਕਿੰਨਾ ਜਾਇਜ਼ ਹੈ?