24.4 C
Jalandhar
Wednesday, April 24, 2024
spot_img

ਮਾਨ ਵੱਲੋਂ ਪਾਣੀ ਤੇ ਵਾਤਾਵਰਣ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ

ਸੀਚੇਵਾਲ (ਬਲਵਿੰਦਰ ਧਾਲੀਵਾਲ, ਸ਼ੈਲੀ ਐਲਬਰਟ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਪਾਣੀ ਤੇ ਵਾਤਾਵਰਣ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ ਦਿੱਤਾ ਹੈ | ਸ਼ੁੱਕਰਵਾਰ ਸੰਤ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਭਾਗ ਲੈਣ ਪੁੱਜੇ ਮੁੱਖ ਮੰਤਰੀ ਨੇ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗਦੇ ਪੱਧਰ ਅਤੇ ਵਾਤਾਵਰਣ ਦੇ ਪ੍ਰਦੂਸ਼ਣ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾ ਕਿਹਾ ਕਿ ਪੰਜਾਬ ਦਾ ਇਕੋ-ਇਕ ਦੁਰਲੱਭ ਤੇ ਬਹੁਮੁੱਲਾ ਕੁਦਰਤੀ ਸਰੋਤ ਪਾਣੀ ਬਚਾਉਣ ਅਤੇ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਫੌਰੀ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ | ਮਾਨ ਨੇ ਕਿਹਾ ਕਿ ਇਕੱਲੀ ਸਰਕਾਰ ਇਹ ਕੰਮ ਨਹੀਂ ਕਰ ਸਕਦੀ, ਸਗੋਂ ਲੋਕਾਂ ਦੀ ਭਾਈਵਾਲੀ ਲਾਜ਼ਮੀ ਹੈ, ਤਾਂ ਜੋ ਖ਼ਾਸ ਤੌਰ ਉਤੇ ਆਲਮੀ ਤਪਸ਼ ਦੇ ਮੱਦੇਨਜ਼ਰ ਇਸ ਸਰੋਤ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਉਣ ਲਈ ਵਿਆਪਕ ਲੋਕ ਲਹਿਰ ਬਣਾਈ ਜਾਵੇ |
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਜ਼ਮੀਨ ਹੇਠਲੇ ਪਾਣੀ ਦਾ ਸੰਬੰਧ ਹੈ, ਸੂਬੇ ਦੇ ਲੱਗਭੱਗ ਸਾਰੇ ਬਲਾਕ ‘ਡਾਰਕ ਜ਼ੋਨ’ ਵਿੱਚ ਹਨ | ਇਹ ਜਾਣ ਕੇ ਬੇਹੱਦ ਦੁੱਖ ਹੋਇਆ ਹੈ ਕਿ ਦੁਬਈ ਤੇ ਹੋਰ ਅਰਬ ਮੁਲਕਾਂ ਵਿੱਚ ਤੇਲ ਕੱਢਣ ਲਈ ਵਰਤੀਆਂ ਜਾਣ ਵਾਲੀਆਂ ਮੋਟਰਾਂ ਦੀ ਹੁਣ ਪੰਜਾਬ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਲਈ ਵਰਤੋਂ ਹੋ ਰਹੀ ਹੈ | ਉਨ੍ਹਾ ਕਿਹਾ ਕਿ ਇਸ ਲਾਪਰਵਾਹੀ ਵਾਲੇ ਰੁਝਾਨ ਨੂੰ ਫੌਰੀ ਰੋਕਣ ਦੀ ਲੋੜ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪਾਣੀ ਲਈ ਤਰਸਣ ਲਈ ਮਜਬੂਰ ਨਾ ਹੋਣ |
ਉਨ੍ਹਾ ਕਿਹਾ ਕਿ ਇਸ ਸਾਲ ਸੂਬਾ ਸਰਕਾਰ ਨੇ ਝੋਨੇ ਦੀ ਸਿੱਧੀ ਲੁਆਈ ਲਈ ਵਿੱਤੀ ਸਹਾਇਤਾ ਦੇਣ ਦੀ ਸਕੀਮ ਸ਼ੁਰੂ ਕੀਤੀ ਹੈ, ਜਿਸ ਕਾਰਨ ਸੂਬੇ ਵਿੱਚ 20 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਣ ਦੀ ਆਸ ਹੈ, ਜਿਸ ਨਾਲ ਪਾਣੀ ਦੀ ਬੱਚਤ ਹੋਵੇਗੀ | ਉਹਨਾ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ ਧਿਆਨ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਹਟਾਉਣ ਲਈ ਮੂੰਗੀ ਉਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਇਕ ਹੋਰ ਪਹਿਲਕਦਮੀ ਕੀਤੀ ਹੈ, ਤਾਂ ਕਿ ਫਸਲੀ ਵਿਭਿੰਨਤਾ ਰਾਹੀਂ ਪਾਣੀ ਦੀ ਬੱਚਤ ਹੋਵੇ | ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚੁੱਕੇ ਮੁੱਦੇ ਉਤੇ ਮਾਨ ਨੇ ਕਿਹਾ ਕਿ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਗਾਰ ਹਟਾਉਣ ਦਾ ਮਸਲਾ ਉਹ ਕੇਂਦਰੀ ਰੇਲਵੇ ਮੰਤਰੀ ਕੋਲ ਉਠਾਉਣਗੇ | ਉਨ੍ਹਾ ਕਿਹਾ ਕਿ ਪੁਲ ਹੇਠਾਂ ਗਾਰ ਜਮ੍ਹਾਂ ਹੋਣ ਕਾਰਨ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਉਂਦੇ ਹੜ੍ਹ ਲੋਕਾਂ ਦੇ ਜਾਨ ਤੇ ਮਾਲ ਲਈ ਵੱਡਾ ਖ਼ਤਰਾ ਬਣ ਰਹੇ ਹਨ |
ਸੰਤ ਅਵਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਵਾਤਾਵਰਣ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਾਏ ਉਨ੍ਹਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾ ਕਿਹਾ ਕਿ ਸੰਤ ਅਵਤਾਰ ਸਿੰਘ ਮਹਾਨ ਧਾਰਮਕ ਆਗੂ ਤੇ ਸਮਾਜ ਸੁਧਾਰਕ ਸਨ | ਉਹਨਾ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ ਕਿ ਉਨ੍ਹਾ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ | ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਲਾਮਿਸਾਲ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਜੀ ਨੇ ਆਪਣੇ ਸਮਰਪਣ ਤੇ ਵਚਨਬੱਧਤਾ ਰਾਹੀਂ ਵਾਤਾਵਰਣ ਬਚਾਉਣ ਲਈ ਇਕ ਨਵੀਂ ਕ੍ਰਾਂਤੀ ਦਾ ਰਾਹ ਦਿਖਾਇਆ ਹੈ | ਉਨ੍ਹਾ ਕਿਹਾ ਕਿ ਸੰਤ ਸੀਚੇਵਾਲ ਰਹਿੰਦੇ ਸਮਿਆਂ ਤੱਕ ਸਾਡੇ ਲਈ ਹਮੇਸ਼ਾ ਪ੍ਰੇਰਨਾ-ਸਰੋਤ ਬਣੇ ਰਹਿਣਗੇ | ਮਾਨ ਨੇ ਸੰਤ ਸੀਚੇਵਾਲ ਨੂੰ ਇਸੇ ਮਿਸ਼ਨਰੀ ਭਾਵਨਾ ਨਾਲ ਇਹ ਮਹਾਨ ਕਾਰਜ ਜਾਰੀ ਰੱਖਣ ਦੀ ਅਪੀਲ ਕੀਤੀ |
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਨਿਰਮਲ ਕੁਟੀਆ ਵਿੱਚ ਪੌਦਾ ਵੀ ਲਾਇਆ | ਇਸ ਸਮੇਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਏ ਵੇਨੂ ਪ੍ਰਸਾਦ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਡੀ ਆਈ ਜੀ ਸ੍ਰੀ ਐੱਸ ਭੂਪਤੀ, ਐੱਸ ਐੱਸ ਪੀ ਸਵਪਨ ਸ਼ਰਮਾ, ਵਿਧਾਇਕ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੂਰਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ, ਆਪ ਲੀਡਰ ਸੱਜਣ ਸਿੰਘ ਚੀਮਾ, ਰਤਨ ਸਿੰਘ ਕਾਕੜ ਕਲਾਂ, ਦਿਨੇਸ਼ ਢੱਲ ਤੇ ਹੋਰ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles