ਚੰਡੀਗੜ੍ਹ : ਇਪਟਾ ਪੰਜਾਬ ਦੀਆਂ ਮੁਹਾਲੀ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਮੋਗਾ ਸਮੇਤ ਕਈ ਇਕਾਈਆਂ ਵੱਲੋਂ ਇਪਟਾ ਦਾ 80ਵਾਂ ਸਥਾਪਨਾ ਦਿਵਸ ਦਰਸ਼ਕਾਂ ਦੀ ਪ੍ਰਭਵਾਸ਼ਾਲੀ ਗਿਣਤੀ ਵਿਚ ਲੋਕ ਮਸਲਿਆਂ ਦਾ ਜ਼ਿਕਰ ਕਰਦੀਆਂ ਸੱਭਿਆਚਾਰਕ ਵੰਨਗੀਆਂ ਦੇ ਆਯੋਜਨ ਕਰਕੇ ਮਨਾਇਆ ਗਿਆ | ਮੁਹਾਲੀ ਇਕਾਈ ਅਤੇ ਯੂਨੀਵਰਸਲ ਆਰਟ ਐਂਡ ਕਲਚਰ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇਪਟਾ ਦੇ ਸਥਾਪਨਾ ਦਿਵਸ ਮੌਕੇ ‘ਬਾਤਾਂ ਇਪਟਾ ਦੀਆਂ’ ਦਾ ਆਗ਼ਾਜ਼ ਇਪਟਾ ਦੇ ਮੁੱਢਲੇ ਕਾਰਕੁਨ ਸਵਰਣ ਸਿੰਘ ਸੰਧੂ ਅਤੇ ਯੁੱਧਵੀਰ ਸਿੰਘ ਵੱਲੋਂ ਇਪਟਾ ਪੰਜਾਬ ਦੇ ਮੋਢੀ ਤੇਰਾ ਸਿੰਘ ਚੰਨ ਦੇ ਗੀਤ ‘ਹੇ ਪਿਆਰੀ ਭਾਰਤ ਮਾਂ’ ਦੇ ਗਾਇਨ ਨਾਲ ਕੀਤਾ |
ਇਪਟਾ ਪੰਜਾਬ ਦੇ ਪ੍ਰਧਾਨ ਤੇ ਨਾਟ-ਕਰਮੀ ਸੰਜੀਵਨ ਸਿੰਘ ਨੇ ਇਪਟਾ ਨਾਲ ਜੁੜੀਆਂ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕਰਦੇ ਕਿਹਾ ਕਿ ‘ਕਲਾ ਲੋਕਾਂ ਲਈ’ ਦੇ ਸਿਧਾਂਤ ਉਪਰ ਇਪਟਾ ਮੁੱਢ ਤੋਂ ਹੀ ਡਟ ਕੇ ਪਹਿਰਾ ਦੇ ਰਹੀ ਹੈ | ਇਪਟਾ ਚੰਡੀਗੜ੍ਹ ਦੇ ਪ੍ਰਧਾਨ ਤੇ ਰੰਗਕਰਮੀ ਬਲਕਾਰ ਸਿੱਧੂ ਨੇ ਇਪਟਾ ਦੇ ਸਮਾਜਕ ਸਰੋਕਾਰਾਂ ਬਾਰੇ ਗੱਲ ਕਰਦੇ ਕਿਹਾ ਕਿ ਭਾਵੇਂ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ | ਇਪਟਾ ਨੇ ਹਮੇਸ਼ਾ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ | ਰੰਗਮੰਚ ਤੇ ਫਿਲਮਾਂ ਦੇ ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਅਜੋਕੇ ਸਾਹ-ਘੁਟਵੇਂ ਮਾਹੌਲ ਵਿਚ ਇਪਟਾ ਦੀ ਪ੍ਰਸੰਗਤਾ ਹੋਰ ਵੀ ਵਧ ਜਾਂਦੀ ਹੈ | ਲੋਕ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਇਪਟਾ ਲੰਮੇ ਸਮੇਂ ਤੋਂ ਲਚਰਤਾ, ਅਸ਼ਲੀਲਤਾ, ਹਥਿਆਰਾਂ ਤੇ ਨਸ਼ਿਆ ਨੂੰ ਉਤਸ਼ਾਹਤ ਕਰਦੀ ਗਾਇਕੀ ਦਾ ਵਿਰੋਧ ਕਰਦੀ ਆ ਰਹੀ ਹੈ | ਇਨ੍ਹਾਂ ਤੋਂ ਇਲਾਵਾ ਲੋਕ-ਪੱਖੀ ਸ਼ਾਇਰ ਗੁਰਨਾਮ ਕੰਵਰ, ਸਰਦਾਰਾ ਸਿੰਘ ਚੀਮਾ, ਗਾਇਕ ਕੁਲਬੀਰ ਸੈਣੀ ਅਤੇ ਅਲਗ਼ੋਜ਼ਾ ਵਾਦਕ ਕਰਮਜੀਤ ਬੱਗਾ ਨੇ ਇਪਟਾ ਦੀ ਸਥਾਪਨਾ ਦਿਵਸ ‘ਤੇ ਵਧਾਈ ਦਿੰਦੇ ਕਿਹਾ ਕਿ ਇਪਟਾ ਨੇ ਭਾਰਤ ਦੇ ਸੱਭਿਆਚਾਰਕ ਖੇਤਰ ਵਿਚ ਇਨਕਲਾਬੀ ਤਬਦੀਲੀ ਲਿਆਂਦੀ | ਪਹਿਲੀ ਲੜਕੀ ਅਲਗ਼ੋਜ਼ਾ ਵਾਦਕ ਅਨੁਰੀਤਪਾਲ ਕੌਰ ਨੇ ਅਲਗ਼ੋਜ਼ੇ ਦੀਆਂ ਵੰਨਗੀਆਂ, ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਵੱਲੋਂ ਗੁਰਪ੍ਰੀਤ ਸਿੰਘ ਖਾਲਸਾ ਦੀ ਟੀਮ ਦੇ ਬੱਚਿਆਂ ਵੱਲੋਂ ਗਤਕਾ ਅਤੇ ਗਗਨਦੀਪ ਗੱਗੀ ਦੀ ਬਾਲ ਟੀਮ ਵੱਲੋਂ ਭੰਗੜੇ ਦੀ ਪੇਸ਼ਕਾਰੀ ਨੇ ਵਧੀਆ ਮਾਹੌਲ ਸਿਰਜਿਆ | ਮੰਚ ਸੰਚਾਲਨ ਇਪਟਾ ਦੀ ਮੁਹਾਲੀ ਇਕਾਈ ਦੇ ਪ੍ਰਧਾਨ, ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਨਰਿੰਦਰ ਪਾਲ ਨੀਨਾ ਨੇ ਕੀਤਾ | ਇਪਟਾ ਦੀ ਕਪੂਰਥਲਾ ਇਕਾਈ ਵੱਲੋਂ ਪ੍ਰਧਾਨ ਡਾ. ਹਰਭਜਨ ਸਿੰਘ ਰਹਿਨੁਮਾਈ ਹੇਠ ਕਰਵਾਏ ਸਮਾਗਮ ਮੌਕੇ ਵਿਦਵਵਾਨ ਤੇ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਅਤੇ ਇਪਟਾ ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਬੁਲਾਰਿਆਂ ਵੱਜੋਂ ਸ਼ਮੂਲੀਅਤ ਕਰਦੇ ਕਿਹਾ ਕਿ ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪਿ੍ਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ ਕੇ ਹੰਗਲ, ਉਤਪਲ ਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮੰਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ | ਇਪਟਾ ਦੀ ਜਲੰਧਰ ਇਕਾਈ ਵੱਲੋਂ ਪ੍ਰਧਾਨ ਨੀਰਜ ਕੌਸ਼ਿਕ ਅਤੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਦੇਸ ਭਗਤ ਹਾਲ ਜਲੰਧਰ ਵਿਖੇ ਕਰਵਾਏ ਇਪਟਾ ਦੇ 80ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਨਾਟਕਰਮੀ ਪੋ੍ਰਫੈਸਰ ਜਗਦੀਸ਼ ਗਰਗ ਅਤੇ ਇਪਟਾ ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਪਾਹੜਾ ਨੇ ਬੁਲਾਰਿਆਂ ਵਜੋਂ ਸ਼ਮੂਲੀਅਤ ਕਰਦੇ ਕਿਹਾ ਕਿ ਇਪਟਾ ਦਾ ਮੁੱਢ ਪੰਜਾਬ ਵਿਚ 1953 ਵਿੱਚ ਤੇਰਾ ਸਿੰਘ ਚੰਨ ਨੇ ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ ਹੁਰਾਂ ਦੇ ਸਰਗਰਮ ਸਹਿਯੋਗ ਨਾਲ ਬੰਨਿ੍ਹਆ | ਇਪਟਾ ਦੀ ਮੋਗਾ ਇਕਾਈ ਵੱਲੋਂ ਰੰਗਕਰਮੀ ਵਿੱਕੀ ਮਹੇਸਰੀ ਦੀ ਰਹਿਨੁਮਾਈ ਹੇਠ ਕਰਵਾਏ ਇਪਟਾ ਦੇ ਸਥਾਪਨਾ ਦਿਵਸ ਮੌਕੇ ਨਾਟਕ ‘ਕਾਹਣੀਵਾਲਾ ਦਲਗੀਰ’ ਦਾ ਮੰਚਣ ਕੀਤਾ ਗਿਆ | ਇਪਟਾ ਦੀ ਹੁਸ਼ਿਆਰਪੁਰ ਇਕਾਈ ਵੱਲੋਂ ਨਾਟਕਰਮੀ ਅਸ਼ੋਕ ਪੁਰੀ ਦੀ ਰਹਿਨੁਮਾਈ ਹੇਠ ਕਰਵਾਏ ਸਮਾਗਮ ਮੌਕੇ ‘ਕਲਾ ਮਿਲਣੀ’ ਦਾ ਅਯੋਜਨ ਕੀਤਾ ਗਿਆ |