ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ‘ਅੰਧੇਰ ਨਗਰੀ ਚੌਪਟ ਰਾਜਾ’ ਵਾਲੀ ਨਾਦਰਸ਼ਾਹੀ ਸ਼ੁਰੂ ਹੋ ਗਈ ਸੀ | ਪੁਲਸ ਦੀਆਂ ਮੁਹਾਰਾਂ ਖੋਲ੍ਹ ਦਿੱਤੀਆਂ ਗਈਆਂ ਸਨ | ਅੰਨ੍ਹੇਵਾਹ ਪੁਲਸ ਮੁਕਾਬਲਿਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਸੀ | ਮੁਸਲਿਮ ਤੇ ਦਲਿਤ ਨੌਜਵਾਨਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ ਸੀ | ਆਏ ਦਿਨ ਪੁਲਸ ਹਿਰਾਸਤ ਵਿੱਚ ਮੌਤਾਂ ਨੇ ਸਭ ਹੱਦ-ਬੰਨੇ ਤੋੜ ਦਿੱਤੇ ਸਨ | ਪੁਲਸ ਨੇ ਅਜਿਹਾ ਦਹਿਸ਼ਤੀ ਮਾਹੌਲ ਬਣਾ ਦਿੱਤਾ ਕਿ ਲੋਕ ਵਰਦੀ ਦੇਖ ਕੇ ਹੀ ਥਰ-ਥਰ ਕੰਬਣ ਲੱਗ ਜਾਂਦੇ ਹਨ |
ਚਾਲੂ ਮਹੀਨੇ ਮਈ ਵਿੱਚ ਵਾਪਰੀਆਂ ਘਟਨਾਵਾਂ ਨੂੰ ਹੀ ਲਿਆ ਜਾਵੇ ਤਾਂ ਸਾਬਤ ਹੋ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਲੋਕਤੰਤਰੀ ਪਰਕ੍ਰਿਆ ਨੂੰ ਪੁਲਸੀ ਰਾਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ | ਨਿਆਂਪਾਲਿਕਾ ਦੇ ਅਧਿਕਾਰ ਵੀ ਪੁਲਸ ਦੇ ਹਵਾਲੇ ਹੋ ਚੁੱਕੇ ਹਨ, ਜਿਹੜੀ ਮੌਕੇ ਉੱਤੇ ਹੀ ਜਾਂ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਖੁਦ ਫ਼ੈਸਲੇ ਕਰਨ ਲੱਗ ਗਈ ਹੈ |
ਬੀਤੀ ਤਿੰਨ ਮਈ ਨੂੰ ਬਾਗਪਤ ਜ਼ਿਲ੍ਹੇ ਦੇ ਛਪਰੌਲੀ ਥਾਣੇ ਦੇ ਪਿੰਡ ਬਾਛੋੜ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਧੀ ਨੂੰ ਪਿੰਡ ਦਾ ਹੀ ਇੱਕ ਨੌਜਵਾਨ ਕੱਢ ਕੇ ਲੈ ਗਿਆ ਹੈ | ਬੀਤੀ 24 ਮਈ ਨੂੰ ਪੁਲਸ ਨੇ ਲੜਕੇ ਦੇ ਘਰ ਛਾਪਾ ਮਾਰਿਆ | ਪੁਲਸ ਦਾ ਕਹਿਣਾ ਹੈ ਕਿ ਛਾਪੇ ਦੌਰਾਨ ਪਿ੍ੰਸ ਦੀ ਮਾਂ ਅਤੇ ਦੋ ਭੈਣਾਂ ਨੇ ਪੁਲਸ ਵੱਲੋਂ ਗਿ੍ਫ਼ਤਾਰ ਕਰ ਲੈਣ ਦੇ ਡਰੋਂ ਜ਼ਹਿਰ ਖਾ ਲਿਆ | ਜਦੋਂ ਹਾਲਤ ਵਿਗੜ ਗਈ ਤਾਂ ਪੁਲਸ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਈ, ਜਿਸ ਦੌਰਾਨ 19 ਸਾਲਾ ਲੜਕੀ ਜਿਓਤੀ ਦੀ ਮੌਤ ਹੋ ਗਈ ਤੇ ਦੂਜੀਆਂ ਦੋਵੇਂ ਮਾਂ ਤੇ ਧੀ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀਆਂ ਹਨ | ਛਾਪਾ ਮਾਰਨ ਗਏ ਪੁਲਸੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ |
ਇਸ ਘਟਨਾ ਤੋਂ ਪਹਿਲਾਂ 14 ਮਈ ਨੂੰ ਸਿਧਾਰਥ ਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਛਾਪਾ ਮਾਰਨ ਗਈ ਪੁਲਸ ਟੀਮ ਨੇ ਗੋਲੀ ਚਲਾ ਕੇ ਇੱਕ ਔਰਤ ਨੂੰ ਮਾਰ ਦਿੱਤਾ ਸੀ | ਇਸ ਘਟਨਾ ਤੋਂ ਬਾਅਦ ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਪੁਲਸ ਪਾਰਟੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਇਸ ਤੋਂ ਪਹਿਲਾਂ 7 ਮਈ ਨੂੰ ਫਿਰੋਜ਼ਾਬਾਦ ਜ਼ਿਲ੍ਹੇ ਦੇ ਪਚੋਖਰਾ ਇਲਾਕੇ ਵਿੱਚ ਪੁਲਸ ਤਸ਼ੱਦਦ ਨਾਲ ਇੱਕ 60 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ | ਮਿ੍ਤਕ ਰਾਧਾ ਦੇਵੀ ਦੇ ਚਾਰ ਬੇਟੇ ਪਿਛਲੇ ਮਹੀਨੇ ਆਪਣੇ ਰਿਸ਼ਤੇਦਾਰਾਂ ਨਾਲ ਹੋਏ ਝਗੜੇ ਦੇ ਕੇਸ ਵਿੱਚ ਜੇਲ੍ਹ ਬੰਦ ਸਨ | ਉਹ 7 ਮਈ ਨੂੰ ਜੇਲ੍ਹ ਤੋਂ ਛੁੱਟ ਕੇ ਆਏ ਸਨ | ਉਸੇ ਦਿਨ ਪੁਲਸ ਪਾਰਟੀ ਉਨ੍ਹਾਂ ਦੇ ਘਰ ਆਣ ਧਮਕੀ ਤੇ ਰਾਧਾ ਦੇਵੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਅਦਾਲਤ ਨੇ ਰਾਧਾ ਦੇਵੀ ਦੇ ਬੇਟਿਆਂ ਨੂੰ ਜ਼ਮਾਨਤ ਦੇ ਦਿੱਤੀ ਸੀ ਤਾਂ ਪੁਲਸ ਉਸੇ ਦਿਨ ਫਿਰ ਉਨ੍ਹਾਂ ਦੇ ਘਰ ਕਿਉਂ ਆਣ ਧਮਕੀ?
ਇਸ ਮਹੀਨੇ ਦੇ ਪਹਿਲੇ ਦਿਨ ਇੱਕ ਮਈ ਨੂੰ ਚੰਦੌਲੀ ਜ਼ਿਲ੍ਹੇ ਦੇ ਸਯਦਰਾਜਾ ਖੇਤਰ ਵਿੱਚ ਪੁਲਸ ਦੇ ਛਾਪੇ ਦੌਰਾਨ ਇੱਕ ਲੜਕੀ ਦੀ ਮੌਤ ਹੋ ਗਈ ਸੀ | ਇਸ ਮਾਮਲੇ ਵਿੱਚ 6 ਪੁਲਸ ਕਰਮਚਾਰੀਆਂ ਵਿਰੁੱਧ ਹਲਕੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਸ ਸਯਦਰਾਜਾ ਖੇਤਰ ਦੇ ਮੈਰਾਜਪੁਰ ਪਿੰਡ ਵਿੱਚ ਇੱਕ ਰੇਤ ਵਪਾਰੀ ਕਨੱ੍ਹਈਆ ਯਾਦਵ ਨੂੰ ਫੜਨ ਗਈ ਸੀ | ਪੀੜਤ ਪਰਵਾਰ ਦਾ ਦੋਸ਼ ਹੈ ਕਿ ਇੱਕ ਪੁਲਸ ਮੁਲਾਜ਼ਮ ਨੇ ਵਪਾਰੀ ਦੀ 24 ਸਾਲਾ ਧੀ ਨਾਲ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ |
ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਉੱਤਰ ਪ੍ਰਦੇਸ਼ ਵਿੱਚ ਇਸ ਸਮੇਂ ਕਾਨੂੰਨ ਦਾ ਨਹੀਂ ਪੁਲਸੀਆ ਧੱਕੇਸ਼ਾਹੀ ਦਾ ਰਾਜ ਚੱਲ ਰਿਹਾ ਹੈ | ਹੈਰਾਨੀ ਤਾਂ ਇਸ ਗੱਲ ਤੋਂ ਹੈ ਕਿ ਇਸ ਵਰਤਾਰੇ ਵਿਰੁੱਧ ਅਦਾਲਤਾਂ ਵੀ ਮੂਕ-ਦਰਸ਼ਕ ਬਣੀਆਂ ਹੋਈਆਂ ਹਨ |