ਪਾਲਤੂ ਕੁੱਤਿਆਂ ਵੱਲੋਂ ਖੁੱਲ੍ਹੇ ’ਚ ਸ਼ੌਚ ’ਤੇ ਲੱਗੇਗਾ 10,000 ਦਾ ਜੁਰਮਾਨਾ

0
85

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਪਾਲਤੂ ਜਾਨਵਰਾਂ ਅਤੇ ਕੁੱਤਿਆਂ ਬਾਰੇ ਸੋਧੇ ਹੋਏ ਉਪ-ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਨਿਯਮਾਂ ਤਹਿਤ ਪੰਜ ਮਰਲੇ ਤੋਂ ਘੱਟ ਵਾਲੇ ਘਰਾਂ ਵਿਚ ਇਕ ਕੁੱਤਾ ਰੱਖਣ ਦੀ ਹੀ ਇਜਾਜ਼ਤ ਹੋਵੇਗੀ। ਨਵੇਂ ਬਾਇਲਾਜ ਵਿਚ ਕੁੱਤਿਆਂ ਦੀਆਂ ਹਮਲਾਵਰ ਮੰਨੀਆਂ ਜਾਂਦੀਆਂ 6 ਨਸਲਾਂ ’ਤੇ ਪਾਬੰਦੀ ਰਹੇਗੀ। ਕੁੱਤਿਆਂ ਨੂੰ ਖੁੱਲ੍ਹੇ ਵਿਚ ਜਾਂ ਜਨਤਕ ਥਾਵਾਂ ’ਤੇ ਸ਼ੌਚ ਕਰਵਾਉਣ ’ਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਲੱਗੇਗਾ। ਅਵਾਰਾ ਕੁੱਤਿਆਂ ਨੂੰ ਨਿਰਧਾਰਿਤ ਥਾਵਾਂ ’ਤੇ ਖਾਣਾ ਪਾਇਆ ਜਾ ਸਕੇਗਾ। ਉਪ-ਨਿਯਮਾਂ ਵਿੱਚ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਬਾਰੇ ਸੁਪਰੀਮ ਕੋਰਟ ਵੱਲੋਂ ਅਗਸਤ ਵਿਚ ਕੀਤੇ ਹੁਕਮ ਵੀ ਸ਼ਾਮਲ ਹਨ। ਚੰਡੀਗੜ੍ਹ ਨਗਰ ਨਿਗਮ ਨੇ ਲੋਕਾਂ ਦੇ ਇਤਰਾਜ਼ਾਂ ਅਤੇ ਸੁਝਾਵਾਂ ਅਤੇ ਜਨਰਲ ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਇਸ ਸਾਲ ਮਈ ਵਿੱਚ ਪ੍ਰਸ਼ਾਸਨ ਨੂੰ ਉਪ-ਨਿਯਮਾਂ ਸੰਬੰਧੀ ਖਰੜਾ ਭੇਜਿਆ ਸੀ। ਕੁੱਤਿਆਂ ਸੰਬੰਧੀ ਨਿਯਮਾਂ ਦੀਆਂ ਵੱਖ-ਵੱਖ ਉਲੰਘਣਾਵਾਂ ਲਈ ਨਗਰ ਨਿਗਮ 500 ਰੁਪਏ ਦਾ ਜੁਰਮਾਨਾ ਲਗਾਏਗਾ। ਜੇਕਰ ਕੁੱਤਿਆਂ ਨੂੰ ਜਨਤਕ ਥਾਵਾਂ ’ਤੇ ਮਲ-ਮੂਤਰ ਕਰਦੇ ਪਾਇਆ ਗਿਆ ਤਾਂ ਮਾਲਕ ਨੂੰ 10,000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਫੀਡਿੰਗ ਵਾਲੀਆਂ ਥਾਵਾਂ ’ਤੇ ਕੋਈ ਕੂੜਾ ਨਾ ਸੁੱਟਿਆ ਜਾਵੇ। ਜੇਕਰ ਇਨ੍ਹਾਂ ਥਾਵਾਂ ’ਤੇ ਕੂੜਾ ਪਾਇਆ ਜਾਂਦਾ ਹੈ ਤਾਂ ਲੋਕਾਂ ਦਾ 10,000 ਰੁਪਏ ਦਾ ਚਲਾਨ ਕੀਤਾ ਜਾਵੇਗਾ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਗਰ ਨਿਗਮ ਨੇ ਅਮਰੀਕਨ ਬੁੱਲਡੌਗ, ਅਮਰੀਕਨ ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੋਟਵੀਲਰ ਰੱਖਣ ’ਤੇ ਪਾਬੰਦੀ ਲਾ ਦਿੱਤੀ ਹੈ।