ਬਿਹਾਰ ਅਸੰਬਲੀ ਲਈ ਵੋਟਾਂ ਪੈਣ ਤੋਂ ਐਨ ਪਹਿਲਾਂ ਆਏ ਦੋ ਸਰਵੇਖਣ ਦਿਖਾ ਰਹੇ ਹਨ ਕਿ ਮੁਕਾਬਲਾ ਐਤਕੀਂ ਵੀ ਫਸਵਾਂ ਹੈ, ਪਰ ਆਪੋਜ਼ੀਸ਼ਨ ਪਾਰਟੀਆਂ ਦਾ ਮਹਾਂ-ਗੱਠਬੰਧਨ ਜਿੱਤ ਹਾਸਲ ਕਰ ਲਵੇਗਾ। ਐੱਸ ਏ ਐੱਸ ਗਰੁੱਪ ਨੇ ਪਿਛਲੀਆਂ ਚੋਣਾਂ ਵਿੱਚ ਐੱਨ ਡੀ ਏ ਨੂੰ 120-127 ਸੀਟਾਂ ਮਿਲਣ ਦੀ ਗੱਲ ਕਹੀ ਸੀ ਤੇ 125 ਸੀਟਾਂ ਮਿਲੀਆਂ ਸਨ। ਇਸ ਵੱਲੋਂ 5 ਅਕਤੂਬਰ ਤੋਂ 26 ਅਕਤੂਬਰ ਤੱਕ ਕਰੀਬ 48 ਹਜ਼ਾਰ ਲੋਕਾਂ ਵਿੱਚ ਕੀਤੇ ਗਏ ਨਮੂਨਾ ਸਰਵੇਖਣ ਮੁਤਾਬਕ ਇਸ ਵਾਰ 39 ਫੀਸਦੀ ਲੋਕ ਐੱਨ ਡੀ ਏ ਦੀ ਹੀ ਸਰਕਾਰ ਬਣਾ ਰਹੇ ਹਨ, ਪਰ 41 ਫੀਸਦੀ ਦਾ ਕਹਿਣਾ ਹੈ ਕਿ ਮਹਾਂ-ਗੱਠਬੰਧਨ ਦੀ ਸਰਕਾਰ ਬਣੇਗੀ। 8.5 ਫੀਸਦੀ ਲੋਕਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ ਹਨ, ਜਦਕਿ 5.5 ਫੀਸਦੀ ਦਾ ਕਹਿਣਾ ਹੈ ਕਿ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ। ਪਿਛਲੀ ਵਾਰ ਮਹਿਲਾਵਾਂ ਨਿਤੀਸ਼ ਕੁਮਾਰ ਦੇ ਹੱਕ ਵਿਚ ਕਾਫੀ ਭੁਗਤ ਗਈਆਂ ਸਨ। ਇਸ ਵਾਰ ਜੇ 39.5 ਫੀਸਦੀ ਐੱਨ ਡੀ ਏ ਦੇ ਹੱਕ ਵਿੱਚ ਭੁਗਤਣਗੀਆਂ ਤਾਂ 39 ਫੀਸਦੀ ਮਹਾਂ-ਗੱਠਬੰਧਨ ਦੇ ਹੱਕ ਵਿੱਚ ਵੀ ਜਾਣਗੀਆਂ। ਜਨ ਸੁਰਾਜ ਪਾਰਟੀ ਨੂੰ 9 ਫੀਸਦੀ ਦੀ ਹਮਾਇਤ ਮਿਲਣ ਦੀ ਆਸ ਹੈ। ਸਰਵੇਖਣ ਵਿੱਚ 33 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਜਨ ਸੁਰਾਜ ਪਾਰਟੀ ਐੱਨ ਡੀ ਏ ਦੀਆਂ ਵੋਟਾਂ ਕੱਟੇਗੀ, 10 ਫੀਸਦੀ ਮੁਤਾਬਕ ਮਹਾਂ-ਗੱਠਬੰਧਨ ਦੀਆਂ ਕੱਟੇਗੀ ਤੇ 15 ਫੀਸਦੀ ਮੁਤਾਬਕ ਦੋਹਾਂ ਦੀਆਂ ਕੱਟੇਗੀ।
ਵੋਟ ਵਾਈਬ ਦੇ ਸਰਵੇਖਣ ਮੁਤਾਬਕ 34.7 ਫੀਸਦੀ ਲੋਕ ਮੰਨਦੇ ਹਨ ਕਿ ਮਹਾਂ-ਗੱਠਬੰਧਨ ਦੀ ਸਰਕਾਰ ਬਣੇਗੀ, ਜਦਕਿ 34.4 ਫੀਸਦੀ ਐੱਨ ਡੀ ਏ ਦੀ ਹੀ ਸਰਕਾਰ ਬਣਾ ਰਹੇ ਹਨ। 12.3 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਜਨ ਸੁਰਾਜ ਦੀ ਸਰਕਾਰ ਬਣੇਗੀ, ਜਦਕਿ 8.4 ਤਿ੍ਰਸ਼ੰਕੂ ਅਸੰਬਲੀ ਹੋਂਦ ਵਿੱਚ ਆਉਣ ਦੀ ਗੱਲ ਕਹਿੰਦੇ ਹਨ।
ਮਹਿਲਾਵਾਂ ਦੇ ਇਲਾਵਾ ਚੋਣਾਂ ਵਿੱਚ ਨੌਜਵਾਨ ਵੱਡੀ ਭੂਮਿਕਾ ਨਿਭਾਉਣ ਜਾ ਰਹੇ ਹਨ। ਐੱਸ ਏ ਐੱਸ ਦੇ ਸਰਵੇ ਮੁਤਾਬਕ 26 ਫੀਸਦੀ ਨੌਜਵਾਨ ਐੱਨ ਡੀ ਏ ਤੇ 49 ਫੀਸਦੀ ਮਹਾਂ-ਗੱਠਬੰਧਨ ਨੂੰ ਭੁਗਤ ਸਕਦੇ ਹਨ। ਜਨ ਸੁਰਾਜ ਨੂੰ ਵੀ 14 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੰਦੂ-ਮੁਸਲਮ ਰਾਗ ਅਲਾਪ ਰਹੇ ਹਨ, ਪਰ ਇਸ ਵਾਰ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਦਾ ਹੀ ਰਹੇਗਾ। ਮਹਾਂ-ਗੱਠਬੰਧਨ ਦੇ ਮੁੱਖ ਮੰਤਰੀ ਦੇ ਚਿਹਰੇ ਤੇਜਸਵੀ ਯਾਦਵ ਦਾ ‘ਹਰ ਘਰ ਨੌਕਰੀ’ ਦਾ ਵਾਅਦਾ ਨੌਜਵਾਨਾਂ ਨੂੰ ਪ੍ਰਭਾਵਤ ਕਰ ਰਿਹਾ ਹੈ।



