ਸਪੇਨ ਤੋਂ ਆਈ ਮੇਲਾ ਵੇਖਣ

0
24

ਜਲੰਧਰ (ਗਿਆਨ ਸੈਦਪੁਰੀ)
ਇੱਥੇ ਚੱਲ ਰਹੇ ‘ਮੇਲਾ ਗ਼ਦਰੀ ਬਾਬਿਆਂ ਦਾ’ ਵਿੱਚ ਘੁੰਮਦਿਆਂ ਵੱਖ-ਵੱਖ ਮੇਲੀਆਂ ਨਾਲ ਹੋ ਰਿਹਾ ਮੇਲ-ਮਿਲਾਪ ਬੜਾ ਉਤਸ਼ਾਹ ਅਤੇ ਸਕੂਨ ਦੇ ਰਿਹਾ ਹੈ। ਸਪੇਨ ਤੋਂ ਵਿਸ਼ੇਸ਼ ਤੌਰ ’ਤੇ ਮੇਲਾ ਵੇਖਣ ਆਈ ਅਲੈਜ਼ਬੈੱਥ ਨਾਲ ਮਿਲ ਕੇ ਵੀ ਮਨ ਵਿੱਚ ਉਤਸ਼ਾਹੀ ਤਰੰਗਾਂ ਪੈਦਾ ਹੋ ਗਈਆਂ। ਉਸ ਦਾ ਕਹਿਣਾ ਸੀ ਕਿ ਉਹ ਪਹਿਲੀ ਵਾਰ ਜਲੰਧਰ ਸ਼ਹਿਰ ਆਈ ਹੈ, ਸਿਰਫ਼ ਮੇਲਾ ਦੇਖਣ ਲਈ। ਉਸ ਨੇ ਦੱਸਿਆ ਕਿ ਉਹ ਹਿੰਦੀ ਸਿੱਖ ਗਈ ਹੈ। ਪੰਜਾਬੀ ਉਸ ਨੂੰ ਮੁਸ਼ਕਲ ਲੱਗਦੀ ਹੈ, ਪਰ ਉਸ ਅੰਦਰ ਪੰਜਾਬੀ ਭਾਸ਼ਾ ਨੂੰ ਸਮਝਣ ਦੀ ਬਿਹਬਲਤਾ ਨਜ਼ਰ ਆਈ। ਇੱਥੋਂ ਦੇ ਕਿਤਾਬਾਂ ਵਾਲੇ ਪੰਡਾਲ ਵਿੱਚ ‘ਵਿਦਿਆਰਥੀ ਕਿਤਾਬ ਘਰ’ ਵਾਲਿਆਂ ਨੇ ਪੰਜਾਬੀ ਦੀ ਇੱਕ ਕਿਤਾਬ ਭੇਟ ਕਰਦਿਆਂ ਖੁਸ਼ੀ ਮਹਿਸੂਸ ਕੀਤੀ। ਕੋਲ ਖੜੇ ਪੰਜਾਬੀ ਦੇ ਅੱਲ੍ਹੜ ਉਮਰ ਦੇ ਸ਼ਾਇਰ ਰਵੀਸ਼ ਬਾਗਪੁਰ ਨੇ ਭਾਵਪੂਰਤ ਟਿੱਪਣੀ ਕਰਦਿਆਂ ਕਿਹਾ ਕਿ ਕਿਤਾਬਾਂ ਸਰਹੱਦਾਂ ਦੀਆਂ ਮੁਹਤਾਜ਼ ਨਹੀਂ ਹੰੁਦੀਆਂ। ਸਾਹਿਤਕ ਖਿੱਚ ਅਜਿਹੀ ਖਿੱਚ ਹੈ, ਜਿਸ ਨਾਲ ਪੰਜਾਬ ਦੇ ਨਿੱਕੇ ਜਿਹੇ ਪਿੰਡ ਵਿੱਚ ਬੈਠਿਆਂ ਸਾਨੂੰ ਹੋਰ ਦੇਸ਼ ਦੀਆਂ ਗਲੀਆਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਕਿਤਾਬਾਂ ਪੜ੍ਹਦਿਆਂ ਕੁਝ ਸਮੇਂ ਲਈ ਅਸੀਂ ਉਸੇ ਦੇਸ਼ ਦੇ ਵਸਨੀਕ ਹੋ ਜਾਂਦੇ ਹਾਂ। ਅਸੀਂ ਕਈ ਜ਼ਿੰਦਗੀਆਂ ਮਾਣ ਲੈਂਦੇ ਹਾਂ। ਇਸੇ ਤਰ੍ਹਾਂ ਮੇਲੇ ਵਿੱਚ ਇੱਕ ਮੁਸਾਫ਼ਰ ਅਲੈਜਬੈੱਥ ਨਾਲ ਗੱਲਬਾਤ ਕਰਦਿਆਂ ਚੰਗਾ ਲੱਗਾ ਕਿ ਉਹ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਮਾਨਣ ਤੇ ਜਾਨਣ ਆਏ ਹਨ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਪ੍ਰੇਰਨਾ ਵਾਲੀ ਹੈ।