ਜਲੰਧਰ (ਕੇਸਰ)
ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ’ਚ ਸ਼ਮਾਂ ਰੌਸ਼ਨ ਕਰਨ ਮੌਕੇ ਅਤੇ ਇਸ ਉਪਰੰਤ ਹੋਣ ਵਾਲੇ ਕੁਇੱਜ਼, ਭਾਸ਼ਣ, ਗਾਇਨ ਅਤੇ ਪੇਂਟਿੰਗ ਮੁਕਾਬਲੇ ਕਮੇਟੀ ਦੇ ਕ੍ਰਮਵਾਰ ਕਨਵੀਨਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, ਡਾ. ਤੇਜਿੰਦਰ ਵਿਰਲੀ ਅਤੇ ਡਾ. ਸੈਲੇਸ਼ ਦੀ ਅਗਵਾਈ ’ਚ ਹੋਏ ਮੁਕਾਬਲਿਆਂ ਦੇ ਆਗਾਜ਼ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੰਖੇਪ ਜਿਹੇ ਸੁਨੇਹੇ ਵਿੱਚ ਕਿਹਾ ਕਿ ਕਲਾ ਖੇਤਰ ਦੀਆਂ ਬਹੁ-ਭਾਂਤੀ ਵਿਧਾਵਾਂ ਰਾਹੀਂ ਗ਼ਦਰ ਲਹਿਰ ਦੀ ਵਿਚਾਰਧਾਰਾ ਅਤੇ ਸਾਡੇ ਸਮਿਆਂ ਦੇ ਤਿੱਖੜੇ ਸੁਆਲਾਂ ਨੂੰ ਰੌਸ਼ਨੀ ਵਿੱਚ ਲਿਆਉਣ ਲਈ ਕਮੇਟੀ ਨੂੰ ਲੋਕਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ। ਸ਼ਮਾਂ ਰੌਸ਼ਨ ਮੌਕੇ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
ਕੁਇਜ਼ ਮੁਕਾਬਲੇ ’ਚ ਕੁੱਲ 18 ਟੀਮਾਂ ਸ਼ਾਮਲ ਹੋਈਆਂ। ਮੁੱਢਲੇ ਟੈਸਟ ’ਚ ਉਹਨਾਂ ਵਿੱਚੋਂ ਅੱਵਲ ਦਰਜਾ ਪ੍ਰਾਪਤ ਕਰਨ ਵਾਲੀਆਂ ਪੰਜ ਟੀਮਾਂ ਵਿੱਚ ਅੰਤਿਮ ਮੁਕਾਬਲਾ ਹੋਇਆ। ਕੁਇਜ਼ ਸੰਚਾਲਕ ਹਰਵਿੰਦਰ ਭੰਡਾਲ ਵੱਲੋਂ ਤਿੰਨ ਰਾਉਂਡ ’ਚ ਪੁੱਛੇ ਸੁਆਲਾਂ ਦੇ ਸਹੀ ਜੁਆਬ ਦੇਣ ਵਾਲੀਆਂ ਟੀਮਾਂ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗੁਰੂ ਹਰਗੋਬਿੰਦ ਪਬਲਿਕ ਸੈਕੰਡਰੀ ਸਕੂਲ ਜੋੜਕੀਆ (ਮਾਨਸਾ), ਲਿਟਲ ਏਂਜਲਜ਼ ਕੋ.ਐਡ. ਸਕੂਲ (ਕਪੂਰਥਲਾ), ਡਾਇਟ ਸ਼ੇਖੂਪੁਰਾ (ਕਪੂਰਥਲਾ) ਟੀਮਾਂ ਨੇ ਹਾਸਲ ਕੀਤਾ।
ਭਾਸ਼ਣ ਮੁਕਾਬਲੇ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਜੀਆ (ਗੌਰਮਿੰਟ ਕਾਲਜ, ਹੁਸ਼ਿਆਰਪੁਰ), ਹਰਪ੍ਰੀਤ ਕੌਰ (ਖਾਲਸਾ ਕਾਲਜ, ਸੁਲਤਾਨਪੁਰ ਲੋਧੀ) ਅਤੇ ਸੁਖਨਜੋਤ ਸਿੰਘ ਜੌਹਲ (ਏ ਪੀ ਜੇ ਕਾਲਜ, ਜਲੰਧਰ) ਨੇ ਪ੍ਰਾਪਤ ਕੀਤਾ। ਗਾਇਨ ਮੁਕਾਬਲੇ ਦੇ ਸੋਲੋ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਹਰਮਨਪ੍ਰੀਤ ਸਿੰਘ (ਸੇਂਟ ਸੋਲਜ਼ਰ ਲਾਅ ਕਾਲਜ, ਜਲੰਧਰ), ਸੁਖਬੀਰ ਕੌਰ (ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ) ਅਤੇ ਅਰਸ਼ਜੋਤ (ਗਰਚਾ ਮਿਊਜ਼ਿਕ ਅਕੈਡਮੀ, ਬੰਗਾ) ਨੇ ਪ੍ਰਾਪਤ ਕੀਤਾ।
ਗਾਇਨ ਦੇ ਗਰੁੱਪ ਮੁਕਾਬਲੇ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਗੌਰੀ ਰੂਧਰ ਤੇ ਸਾਥੀ (ਡੀ ਏ ਵੀ ਸਕੂਲ ਬਿਲਗਾ), ਅੰਜਲੀ ਤੇ ਸਾਥੀ (ਜਲੰਧਰ ਮਾਡਲ ਸਕੂਲ, ਜਲੰਧਰ) ਅਤੇ ਸਿਮਰਨ ਤੇ ਸਾਥੀ (ਐਮ ਜੀ ਐਨ ਐਜੂਕੇਸ਼ਨ ਕਾਲਜ, ਜਲੰਧਰ) ਨੇ ਪ੍ਰਾਪਤ ਕੀਤਾ।
ਪੇਂਟਿੰਗ ਮੁਕਾਬਲੇ ਦੇ ਗਰੁੱਪ ਏ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਮੰਨਤ (ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਕਪੂਰਥਲਾ), ਤਰੁਨ (ਲਾਲਾ ਜਗਤ ਨਰਾਇਣ ਡੀ ਏ ਵੀ ਮਾਡਲ ਸਕੂਲ, ਜਲੰਧਰ), ਕਿਰਨਜੋਤ ਕੌਰ (ਗੌਰਮਿੰਟ ਐਜੁਕੇਸ਼ਨ ਕਾਲਜ, ਜਲੰਧਰ), ਗਰੁੱਪ ਬੀ ’ਚ ਨੀਤਿਸ਼ ਕਾਂਤ (ਲਿਟਲ ਏਂਜਲਜ਼ ਕੋ-ਐਡ. ਸਕੂਲ, ਕਪੂਰਥਲਾ), ਨੀਤੇਸ਼ ਬੱਧਨ (ਐਸ ਡੀ ਮਾਡਲ ਸਕੂਲ, ਜਲੰਧਰ) ਅਤੇ ਪ੍ਰਥਮਜੋਤ ਕੌਰ (ਡਿਪਸ ਸਕੂਲ, ਅਰਬਨ ਅਸਟੇਟ, ਜਲੰਧਰ) ਅਤੇ ਗਰੁੱਪ ਸੀ ਵਿੱਚ ਵਿਰਾਟ (ਐਸ.ਆਰ. ਟੰਗਰੀ ਡੀ ਏ ਵੀ ਸਕੂਲ, ਬਿਲਗਾ), ਜਸਕਰਨ ਸਿੰਘ (ਜਲੰਧਰ ਮਾਡਲ ਸਕੂਲ, ਜਲੰਧਰ) ਅਤੇ ਸਾਕਸ਼ੀ ਸ਼ਰਮਾ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਨੇ ਪ੍ਰਾਪਤ ਕੀਤਾ। ਸਭਨਾਂ ਮੁਕਾਬਲਿਆਂ ਦੇ ਜੇਤੂਆਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਗਦ ਰਾਸ਼ੀ, ਪੁਸਤਕਾਂ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ। ਵਿਚਾਰ-ਚਰਚਾ ਮੌਕੇ ਮੰਚ ’ਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਪ੍ਰੋ. ਤੇਜਿੰਦਰ ਵਿਰਲੀ ਸਸ਼ੋਭਤ ਸਨ। ਇਸ ਵਿਚਾਰ-ਚਰਚਾ ’ਚ ਬੋਲਦੇ ਹੋਏ ਪ੍ਰਭਾਤ ਪਟਨਾਇਕ ਨੇ ਕਿਹਾ ਕਿ ਸਾਮਰਾਜੀ ਅਰਥਚਾਰੇ ਦਾ ਮਰਲ ਪਹਿਰੇ ਪਿਆ ਸੰਕਟ ਲੋਕਾਂ ਉਪਰ ਚੌਤਰਫ਼ੇ ਸੰਕਟ ਅਤੇ ਹੱਲੇ ਲੱਦ ਰਿਹਾ ਹੈ। ਡਾ. ਸਵਰਾਜਬੀਰ ਨੇ ਕਿਹਾ ਕਿ ਸਾਡੇ ਮੁਲਕ ਅੰਦਰ ਫਾਸ਼ੀਵਾਦ ਦੀਆਂ ਜੜ੍ਹਾਂ ਬਸਤੀਵਾਦੀ ਗ਼ੁਲਾਮੀ ’ਚ ਲੱਗੀਆਂ ਹਨ। ਉਹਨਾਂ ਕਿਹਾ ਕਿ ਇਸ ਨੂੰ ਭਾਂਜ ਦੇਣ ਲਈ ਗ਼ਦਰ ਲਹਿਰ ਦੇ ਚਿੰਤਨ ਦੀ ਆਧਾਰਸ਼ਿਲਾ ’ਤੇ ਖੜ੍ਹੇ ਹੋ ਕੇ ਵਿਸ਼ਾਲ ਸਾਂਝ ਉਸਾਰਨ ਦੀ ਲੋੜ ਹੈ।
ਸ਼ਾਮ 4 ਵਜੇ ਹੋਏ ਕਵੀ-ਦਰਬਾਰ ਦਾ ਆਗਾਜ਼ ਦਰਜਨਾਂ ਹੀ ਕਿਤਾਬਾਂ ਲੋਕ-ਅਰਪਣ ਕਰਨ ਨਾਲ ਹੋਇਆ। ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਪਾਲ ਕੌਰ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ ਅਤੇ ਸੁਸ਼ੀਲ ਦੁਸਾਂਝ ਦੀ ਪ੍ਰਧਾਨਗੀ ਅਤੇ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਦੇ ਮੰਚ ਸੰਚਾਲਨ ’ਚ ਹੋਏ ਕਵੀ ਦਰਬਾਰ ਵਿੱਚ ਮਨਜੀਤ ਪੁਰੀ, ਸੰਦੀਪ ਜਸਵਾਲ, ਬਲਜੀਤ ਬੱਲ, ਤਲਵਿੰਦਰ ਸ਼ੇਰਗਿੱਲ, ਪੁਸ਼ਪਿੰਦਰ ਵਿਰਕ, ਗੋਪਾਲ ਸਿੰਘ ਬੁੱਟਰ, ਤਾਰੀ ਅਟਵਾਲ ਬਰਮਿੰਘਮ, ਪ੍ਰੀਤ ਜੱਗਾ, ਸ਼ਬਦੀਸ਼, ਅਰਵਿੰਦਰ ਕੌਰ ਕਾਕੜਾ, ਸਤੇਂਦਰ ਕੁਮਾਰ ਅਤੇ ਮਨਦੀਪ ਔਲਖ ਕਵੀਆਂ ਨੇ ਆਪਣੀਆਂ ਨਜ਼ਮਾਂ ਸਾਂਝੀਆਂ ਕੀਤੀਆਂ।
ਪੀਪਲਜ਼ ਵਾਇਸ ਵੱਲੋਂ ਗ਼ਦਰੀ ਬਾਬਿਆਂ ਦੇ ਮੇਲੇ ’ਚ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਗਈ। ਪਹਿਲੀ ਫ਼ਿਲਮ ‘ਦਾ ਪਰੇਜੈਂਟ’ ਫ਼ਲਸਤੀਨ ਦੇ ਨਸਲਘਾਤ ਅਤੇ ਹਨੇਰੇ ਰਾਹਾਂ ਉਪਰ ਰੌਸ਼ਨੀ ਦੇ ਸਫ਼ਰ ਦੀ ਲਾ-ਮਿਸਾਲ ਕਹਾਣੀ ਪੇਸ਼ ਕੀਤੀ ਗਈ। ਇਸ ਫ਼ਿਲਮ ਦੇ ਦਿਲਕਸ਼ ਦਿ੍ਰਸ਼ ਫ਼ਲਸਤੀਨ ਦੇ ਲੋਕਾਂ ਦੀ ਹੱਕੀ ਜੱਦੋ-ਜਹਿਦ ਦਾ ਲਾ ਮਿਸਾਲ ਨਮੂਨਾਂ ਦੁਨੀਆਂ ਅੱਗੇ ਪੇਸ਼ ਕਰਦੇ ਹਨ।
ਦੂਜੀ ਫ਼ਿਲਮ ‘ਲੋਹਾ ਗਰਮ’ ਪੇਸ਼ ਕੀਤੀ ਗਈ। ਇਹ ਫ਼ਿਲਮ ਕਬਾਇਲੀ ਖੇਤਰ ਦੇ ਲੋਕਾਂ ਦੇ ਜੰਗਲ, ਜਲ, ਜ਼ਮੀਨ ਅਤੇ ਹੋਰ ਕੁਦਰਤੀ ਅਨਮੋਲ ਸੋਮਿਆਂ ਨੂੰ ਖੋਹਣ ਅਤੇ ਉਹਨਾਂ ਦੇ ਮੁੱਢਲੇ ਮਾਨਵੀ ਹੱਕਾਂ ਉਪਰ ਅਤੇ ਸਮਾਜਕ ਸਰੋਕਾਰਾਂ ਉਪਰ ਡਾਕਾ ਮਾਰਨ ਦੀ ਹਿਰਦੇਵੇਦਕ ਕਹਾਣੀ ਪੇਸ਼ ਕਰਦੀ ਹੈ। ਫ਼ਿਲਮ ਦੀ ਸਕਰੀਨਿੰਗ ਮੌਕੇ ਪੀਪਲਜ਼ ਵਾਇਸ ਟੀਮ ਦੇ ਆਗੂ ਡਾ. ਸੈਲੇਸ਼ ਨੇ ਕਿਹਾ ਕਿ ਫ਼ਲਸਤੀਨ ਹੋਵੇ ਜਾਂ ਆਦਿਵਾਸੀ ਖੇਤਰ, ਜਾਂ ਦੁਨੀਆਂ ਦਾ ਕੋਈ ਵੀ ਖਿੱਤਾ ਉਸਦੀ ਦਾਸਤਾਂ ਪੇਸ਼ ਕਰਨ ਵਿੱਚ ਜਿਥੇ ਫ਼ਿਲਮਸਾਜ਼, ਵਿਦਵਾਨ, ਲੇਖਕ, ਕਵੀ, ਰੰਗ ਕਰਮੀ ਅਤੇ ਫੋਟੋ ਪੱਤਰਕਾਰ ਆਪਣੀ ਜਿੰਦ ਤਲੀ ’ਤੇ ਧਰਕੇ ਭੂਮਿਕਾ ਨਿਭਾ ਰਹੇ ਹਨ। ਉਸੇ ਤਰਜ਼ ’ਤੇ ਅੱਜ ਦਾ ਮੇਲਾ ਗ਼ਦਰੀ ਬਾਬਿਆਂ ਦਾ ਰੌਸ਼ਨੀ ਕਰਦਾ ਹੈ। ਇਹੋ ਕਹਾਣੀ ਇਹਨਾਂ ਫ਼ਿਲਮਾਂ ਦੇ ਵਿਸ਼ਿਆਂ ਦਾ ਮੂਲ ਆਧਾਰ ਹੈ।
ਅੱਜ ਹੋਣ ਵਾਲੇ ਸਮਾਗਮ
ਮੇਲੇ ਦੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਸੰਘੇੜਾ ਕਰਨਗੇ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਸੰਬੋਧਨ ਕਰਨਗੇ। ਅਮੋਲਕ ਸਿੰਘ ਦਾ ਲਿਖਿਆ ਸੱਤਪਾਲ ਬੰਗਾ ਪਟਿਆਲਾ ਦੁਆਰਾ ਨਿਰਦੇਸ਼ਤ ਕੀਤਾ ਸੰਗੀਟ ਨਾਟ ਓਪੇਰਾ ਝੰਡੇ ਦਾ ਗੀਤ ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ 100 ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਏਗਾ। ਮੁਹੰਮਦ ਯੂਸਫ਼ ਤਾਰੀਗਾਮੀ ਅਤੇ ਡਾ. ਨਵਸ਼ਰਨ ਮੁੱਖ ਵਕਤਾ ਹੋਣਗੇ। ਦਿਨ ਵੇਲੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਨਾਟਕ ਹੋਏਗਾ ‘ਧਰਤ ਵੰਗਾਰੇ ਤਖ਼ਤ ਨੂੰ’। ਸ਼ਾਮ 7 ਵਜੇ ਤੋਂ 2 ਨਵੰਬਰ ਸਰਘੀ ਵੇਲੇ ਤੱਕ ਨਾਟਕਾਂ ਭਰੀ ਰਾਤ ’ਚ ਲੋਕ ਕਲਾ ਮੰਚ ਮਾਨਸਾ, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਮਾਲਾ ਹਾਸ਼ਮੀ ਨਵੀਂ ਦਿੱਲੀ, ਪ੍ਰੋਗਰੈਸਿਵ ਆਰਟਿਸਟਸ ਲੀਗ ਨਵੀਂ ਦਿੱਲੀ, ਛਤੀਸਗੜ੍ਹ, ਏਕੱਤਰ ਚੰਡੀਗੜ੍ਹ ਨਾਟਕ ਪੇਸ਼ ਕਰਨਗੇ।





