ਗ਼ਦਰ ਲਹਿਰ ਸਦਾ ਜ਼ਿੰਦਾ ਰਹੇਗੀ : ਮੇਲੇ ਦਾ ਪੈਗ਼ਾਮ

0
29

ਜਲੰਧਰ (ਕੇਸਰ)
ਗ਼ਦਰੀ ਬਾਬਿਆਂ ਦਾ ਮੇਲਾ ਸਿਖਰਲੇ ਦਿਨ ਨਵੀਆਂ ਪੁਲਾਂਘਾਂ ਭਰਦਾ ਲੋਕ ਮਨਾਂ ’ਤੇ ਗ਼ਦਰੀ ਵਿਰਾਸਤ ਅਤੇ ਲੋਕ ਪੱਖੀ ਸੱਭਿਆਚਾਰ ਦੀ ਅਮਿਟ ਛਾਪ ਛੱਡ ਗਿਆ। ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ ਨੇ 34ਵੇਂ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਹਨਾ ਆਪਣੇ ਭਾਸ਼ਣ ’ਚ ਗ਼ਦਰ ਲਹਿਰ ਦੀ ਪ੍ਰਸੰਗਤਾ ਉਭਾਰਦੇ ਹੋਏ ਇਸ ਦੀ ਮੁੱਲਵਾਨ ਵਿਰਾਸਤ ਤੋਂ ਸਿਖਣ ਦਾ ਸੁਨੇਹਾ ਦਿੱਤਾ। ਉਨ੍ਹਾ ਕਿਹਾ ਕਿ ਗ਼ਦਰ ਲਹਿਰ ਦਾ ਪਰਚਮ ਬੁਲੰਦ ਰੱਖਣ ਦੀ ਲੋੜ ਹੈ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਸਵਾਗਤੀ ਸ਼ਬਦਾਂ ’ਚ ਗ਼ਦਰ ਲਹਿਰ ਦੀ ਨਰੋਈ ਪਰੰਪਰਾ ਮਨੀਂ ਵਸਾਉਣ ਦਾ ਹੋਕਾ ਦਿੱਤਾ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਮਰਾਜੀ ਦਾਬੇ ਤੋਂ ਮੁਕਤ ਭਾਰਤ ਸਿਰਜਣ ਦੀ ਮਾਰਗ-ਦਰਸ਼ਕ ਹੈ ਗ਼ਦਰ ਲਹਿਰ।
ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ‘ਗ਼ਦਰੀ ਫੁੱਲ ਖਿੜਦੇ ਰਹਿਣਗੇ’ ਸੰਗੀਤ ਨਾਟ-ਓਪੇਰਾ ‘ਝੰਡੇ ਦਾ ਗੀਤ’ ਸੱਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ’ਚ ਪੰਜਾਬ ਦੀਆਂ ਦਰਜਨਾਂ ਨਾਟ ਮੰਡਲੀਆਂ ਅਤੇ ਮਿਹਨਤਕਸ਼ ਲੋਕਾਂ ਦੇ ਪਰਵਾਰਾਂ ’ਚੋਂ ਆਏ 100 ਤੋਂ ਵੱਧ ਕਲਾਕਾਰਾਂ ਨੇ ਸਮਾਂ ਬੰਨ੍ਹ ਦਿੱਤਾ। ਖ਼ਾਸ ਕਰਕੇ ਬਾਲ ਕਲਾਕਾਰਾਂ ਨੇ ਮੇਲਾ ਲੁੱਟ ਲਿਆ। ਉਹ ਗ਼ਦਰੀ ਬਾਬਿਆਂ ਦੇ ਮੇਲੇ ਦੀ ਅਨਮੋਲ ਕਲਾਕਾਰ ਪੂੰਜੀ ਬਣ ਗਈ। ਝੰਡੇ ਦੇ ਗੀਤ ਨੇ ਗੁਲਾਬ ਕੌਰ ਦੀ ਇਤਿਹਾਸਕ ਭੂਮਿਕਾ, ਕੁਰਬਾਨੀ, ਆਦਿਵਾਸੀ ਖੇਤਰਾਂ ’ਚ ਕਤਲੋਗਾਰਤ, ਜ਼ਹੀਨ ਬੁੱਧੀਜੀਵੀਆਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ’ਚ ਤਾੜ ਕੇ ਰੱਖਣ, ਕਾਰਪੋਰੇਟ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਇਸ ਨਾਟ ਓਪੇਰੇ ਨੇ ਕਦੇ ਤਾੜੀਆਂ ਦੀ ਗੂੰਜ ਪੁਆਈ, ਕਦੇ ਨਾਅਰਿਆਂ ਦੀ ਗੂੰਜ ਪੈਂਦੀ ਰਹੀ।
ਇਸ ਮੌਕੇ ਕਮੇਟੀ ਵੱਲੋਂ ਮੇਲੇ ਸੰਬੰਧੀ ਸੋਵੀਨਰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਦੀਆਂ ਦੇਸ਼ ਭਗਤ ਕਮੇਟੀਆਂ ਅਤੇ ਬਾਹਰਲੇ ਮੁਲਕਾਂ ਤੋਂ ਆਏ ਜਥੇਬੰਦੀਆਂ ਦੇ ਕਾਮਿਆਂ ਨੇ ਵੀ ਮੰਚ ’ਤੇ ਖੜ੍ਹੇ ਹੋ ਕੇ ਮੇਲੇ ਅਤੇ ਕਮੇਟੀ ਨਾਲ ਹਮੇਸ਼ਾ ਖੜ੍ਹੇ ਹੋਣ ਦਾ ਅਹਿਦ ਕੀਤਾ। ਕਮੇਟੀ ਵੱਲੋਂ ਪ੍ਰਕਾਸ਼ਤ ਪੁਸਤਕ ਰਘਬੀਰ ਕੌਰ ਐੱਮ ਐੱਲ ਏ ਵੀ ਲੋਕ ਅਰਪਤ ਕੀਤੀ ਗਈ। ਇਸ ਲੋਕ ਅਰਪਣ ਮੌਕੇ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਬਾਹਰੋਂ ਆਏ ਪਰਵਾਰਾਂ ਅਤੇ ਦੇਸ਼ ਭਗਤ ਕਮੇਟੀਆਂ ਦੇ ਅੰਗ-ਸੰਗ ਸਨ।
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ) ਅਤੇ ਗੜ੍ਹਦੀਵਾਲਾ (ਰੁਪਿੰਦਰ) ਦੀ ਸੰਗੀਤ ਮੰਡਲੀ ਨੇ ਇਨਕਲਾਬੀ ਗੀਤਾਂ ਰਾਹੀਂ ਰੰਗ ਬੰਨ੍ਹਿਆ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਉਹਨਾ ਦਾ ਲਿਖਿਆ ਨਾਟਕ ‘ਧਰਤ ਵੰਗਾਰੇ ਤਖ਼ਤ ਨੂੰ’ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਭਰੇ ਪੰਡਾਲ ਨੇ ਸਾਹ ਰੋਕ ਕੇ ਦੇਖਿਆ।
ਸਾਰੀ ਰਾਤ ਨਾਟਕ ਤੇ ਗੀਤ-ਸੰਗੀਤ ਇਹ ਸਤਰਾਂ ਲਿਖਣ ਵੇਲੇ ਸ਼ੁਰੂ ਹੋ ਗਿਆ।