ਭਾਰਤੀ ਮੂਲ ਦੇ ਉਦਯੋਗਪਤੀ ’ਤੇ 4000 ਕਰੋੜ ਦੀ ਕਰਜ਼ਾ ਧੋਖਾਧੜੀ ਦੇ ਦੋਸ਼

0
21

ਚੰਡੀਗੜ੍ਹ : ‘ਵਾਲ ਸਟਰੀਟ ਜਰਨਲ’ ਦੀ ਇੱਕ ਰਿਪੋਰਟ ਅਨੁਸਾਰ ਭਾਰਤੀ ਮੂਲ ਦੇ ਉਦਯੋਗਪਤੀ ਬੰਕਿਮ ਬ੍ਰਹਮਭੱਟ ’ਤੇ ਅਮਰੀਕਾ ਵਿੱਚ ਲਗਭਗ 500 ਮਿਲੀਅਨ ਡਾਲਰ (4000 ਕਰੋੜ ਰੁਪਏ) ਦੀ ਵੱਡੀ ਕਰਜ਼ਾ ਧੋਖਾਧੜੀ ਕਰਨ ਦਾ ਗੰਭੀਰ ਦੋਸ਼ ਲੱਗਾ ਹੈ। ਬ੍ਰਹਮਭੱਟ, ਜੋ ਕਿ ਅਮਰੀਕਾ ਸਥਿਤ ਬ੍ਰਾਡਬੈਂਡ ਟੈਲੀਕਾਮ ਕੰਪਨੀ ਬਿ੍ਰਜਵੋਇਸ ਅਤੇ ਬੈਂਕਾਈ ਗਰੁੱਪ ਦੇ ਸੰਸਥਾਪਕ ਹਨ, ’ਤੇ ਦੋਸ਼ ਹੈ ਕਿ ਉਨ੍ਹਾਂ ਕਰਜ਼ਾ ਲੈਣ ਲਈ ਆਪਣੀਆਂ ਕੰਪਨੀਆਂ ਦੇ ਖਾਤਿਆਂ ਵਿੱਚ ਨਕਲੀ ਗਾਹਕਾਂ ਅਤੇ ਨਕਲੀ ਇਨਵਾਇਸਾਂ ਨੂੰ ਦਿਖਾ ਕੇ ਕਰੋੜਾਂ ਡਾਲਰ ਦੇ ਕਰਜ਼ੇ ਹਾਸਲ ਕੀਤੇ ਹਨ। ਇਨ੍ਹਾਂ ਚੀਜ਼ਾਂ ਨੂੰ ਕਰਜ਼ੇ ਦੀ ਗਿਰਵੀ ਸੰਪਤੀ ਵਜੋਂ ਪੇਸ਼ ਕੀਤਾ ਗਿਆ। ਇਸ ਧੋਖਾਧੜੀ ਦੇ ਸ਼ਿਕਾਰ ਹੋਏ ਕਰਜ਼ਾਦਾਤਾਵਾਂ ਵਿੱਚ ਪ੍ਰਮੁੱਖ ਤੌਰ ’ਤੇ ਵਿਸ਼ਵਵਿਆਪੀ ਨਿਵੇਸ਼ ਕੰਪਨੀ ਬਲੈਕਰੌਕ ਦੀ ਪ੍ਰਾਈਵੇਟ ਕ੍ਰੈਡਿਟ ਸ਼ਾਖਾ ਐੱਚ ਪੀ ਐੱਸ ਇਨਵੈਸਟਮੈਂਟ ਪਾਰਟਨਰਜ਼ ਅਤੇ ਕਈ ਹੋਰ ਅਮਰੀਕੀ ਬੈਂਕ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਰਕਮ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਧੋਖਾਧੜੀ ਦਾ ਖੁਲਾਸਾ ਜੁਲਾਈ 2025 ਵਿੱਚ ਉਦੋਂ ਹੋਇਆ, ਜਦੋਂ ਇੱਕ ਅਕਾਊਂਟਿੰਗ ਫਰਮ ਨੇ ਸ਼ੱਕੀ ਈਮੇਲ ਆਈ ਡੀਜ਼ ਲੱਭੀਆਂ, ਜੋ ਨਕਲੀ ਡੋਮੇਨਾਂ ਤੋਂ ਬਣਾਈਆਂ ਗਈਆਂ ਸਨ ਅਤੇ ਅਸਲ ਟੈਲੀਕਾਮ ਕੰਪਨੀਆਂ ਦੀ ਨਕਲ ਕਰ ਰਹੀਆਂ ਸਨ। ਰਿਪੋਰਟ ਅਨੁਸਾਰ ਜਦੋਂ ਬ੍ਰਹਮਭੱਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ, ਤਾਂ ਉਨ੍ਹਾ ਪਹਿਲਾਂ ਇਸ ਨੂੰ ‘ਸਧਾਰਨ ਗਲਤੀ’ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਹ ਫੋਨ ਕਾਲਾਂ ਦਾ ਜਵਾਬ ਦੇਣਾ ਬੰਦ ਕਰਕੇ ਗਾਇਬ ਹੋ ਗਿਆ। ਇਸ ਤੋਂ ਇਲਾਵਾ ਨਿਊ ਯਾਰਕ ਦੇ ਗਾਰਡਨ ਸਿਟੀ ਸਥਿਤ ਉਨ੍ਹਾਂ ਦਾ ਦਫ਼ਤਰ ਵੀ ਬੰਦ ਮਿਲਿਆ ਅਤੇ ਸਟਾਫ ਕਈ ਹਫ਼ਤਿਆਂ ਤੋਂ ਗੈਰਹਾਜ਼ਰ ਸੀ। ਇਹ ਮਾਮਲਾ ਇਸ ਸਮੇਂ ਅਮਰੀਕੀ ਅਦਾਲਤ ਵਿੱਚ ਵਿਚਾਰ-ਅਧੀਨ ਹੈ।