ਬੁਢਲਾਡਾ (ਅਸ਼ੋਕ ਲਾਕੜਾ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਵਿਰੁੱਧ ਸੀ ਪੀ ਆਈ ਦੇ ਸੈਂਕੜੇ ਵਰਕਰਾਂ ਵੱਲੋਂ ਵੇਦ ਪ੍ਰਕਾਸ਼ ਬੁਢਲਾਡਾ, ਸਕੱਤਰ ਸੀਤਾ ਰਾਮ ਗੋਬਿੰਦਪੁਰਾ ਦੀ ਅਗਵਾਈ ਪਾਰਟੀ ਦਫਤਰ ਤੋਂ ਰੋਸ ਮਾਰਚ ਕਰਨ ਉਪਰੰਤ ਸ਼ਹਿਰ ਵਿਚ ਮੋਦੀ ਦੀ ਅਰਥੀ ਫੂਕੀ ਗਈ।ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪਿਛਲੇ 60 ਸਾਲ ਤੋਂ ਚਲੇ ਆ ਰਹੇ ਸੈਨੇਟ ਅਤੇ ਸਿੰਡੀਕੇਟ ਰਾਹੀਂ ਚੱਲ ਰਹੇ ਪ੍ਰਬੰਧ ਨੂੰ ਬਦਲ ਕੇ ਨਿਯੁਕਤੀ ਰਾਹੀਂ ਪ੍ਰਬੰਧਕੀ ਚੋਣਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਵਿਚ ਚੰਡੀਗੜ੍ਹ ਤੋਂ ਚੁਣਿਆ ਗਿਆ ਸੰਸਦ ਮੈਂਬਰ, ਯੂ ਟੀ ਦਾ ਪ੍ਰਮੁੱਖ ਸਕੱਤਰ, ਸਿੱਖਿਆ ਸਕੱਤਰ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।ਸੈਨੇਟ ਦੀ ਤਾਕਤ ਨੂੰ 90 ਮੈਂਬਰਾਂ ਤੋਂ ਘਟਾ ਕੇ 31 ਕਰ ਦਿੱਤੀ ਗਈ ਹੈ, ਜਿਸ ਵਿਚ 18 ਮੈਂਬਰ ਚੁਣੇ ਹੋਏ, 6 ਨਾਮਜ਼ਦ ਅਤੇ 7 ਅਹੁਦੇਦਾਰ ਸ਼ਾਮਲ ਹੋਣਗੇ।ਕਮਿਊਨਿਸਟ ਆਗੂ ਸਾਥੀ ਅਰਸ਼ੀ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦੇ ਹੋਏ ਦੋਸ਼ ਲਾਇਆ ਕਿ ਪਹਿਲਾਂ ਬੀ ਬੀ ਐੱਮ ਬੀ ਸਮੇਤ ਅਨੇਕਾਂ ਫੈਸਲੇ ਅਤੇ ਹੁਣ ਪੀ ਯੂ ਦੇ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਫੈਸਲੇ ਲੋਕਤੰਤਰ ਦਾ ਕਤਲ, ਕੇਂਦਰੀਕਰਨ ਬਹਾਨੇ ਕੇਂਦਰੀ ਸੰਸਥਾਵਾਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਅਤੇ ਸੂਬਾਈ ਸਰਕਾਰਾਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉਡਤ ਨੇ ਖੱਬੇ ਪੱਖੀ ਪਾਰਟੀਆਂ ਵੱਲੋਂ ਦਿੱਤੇ ਗਏ ਸੱਦੇ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਕਰਨਾ ਸਮੇਂ ਦੀ ਲੋੜ ਦੱਸਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਰਾਏਕੇ, ਮਲਕੀਤ ਮੰਦਰਾਂ, ਗੋਰਾ ਟਾਹਲੀਆਂ, ਰਘੂਨਾਥ ਸਿੰਗਲਾ, ਚਿਮਨ ਲਾਲ ਕਾਕਾ, ਹਰਦਿਆਲ ਸਿੰਘ, ਬੱਬੂ ਸਿੰਘ, ਜੱਗਾ ਸ਼ੇਰ ਖਾਂ ਵਾਲਾ, ਅਸ਼ੋਕ ਲਾਕੜਾ, ਸੁਖਦੇਵ ਬੋੜਾਵਾਲ, ਹਰਮੀਤ ਬੋੜਾਵਾਲ, ਭੁਪਿੰਦਰ ਗੁਰਨੇ, ਦਰਸ਼ਨ ਗੁਰਨੇ, ਮੱਖਣ ਰੰਘੜਿਆਲ, ਮਲਕੀਤ ਬਖਸ਼ੀਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।





