ਬੂਟਾ ਸਿੰਘ ਨੂੰ ਲੈ ਕੇ ਰਾਜਾ ਵੜਿੰਗ ਖਿਲਾਫ ਕੇਸ ਦਰਜ

0
95

ਕਪੂਰਥਲਾ : ਸਾਈਬਰ ਅਪਰਾਧ ਪੁਲਸ ਥਾਣੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਤੇ ਇਤਰਾਜ਼ਯੋਗ ਟਿੱਪਣੀਆਂ ਲਈ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮਰਹੂਮ ਆਗੂ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਵੱਲੋਂ ਦਾਇਰ ਕੀਤੀ ਗਈ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਤਰਨ ਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਮੇਰੇ ਮਰਹੂਮ ਪਿਤਾ ਦੀ ਜਾਤ ਅਤੇ ਸਰੀਰਕ ਦਿੱਖ ਦਾ ਹਵਾਲਾ ਦਿੰਦੇ ਹੋਏ ਬੂਟਾ ਸਿੰਘ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ। ਕਾਂਗਰਸੀ ਆਗੂ ਨੇ ਕਥਿਤ ਤੌਰ ’ਤੇ ਟਿੱਪਣੀ ਕੀਤੀ ਸੀ ਕਿ ਬੂਟਾ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ ਗਿਆ ਸੀ ‘ਸਿਰਫ ਇਸ ਲਈ, ਕਿਉਂਕਿ ਉਹ ਇੱਕ ਕਾਲਾ ਮਜ਼ਹਬੀ ਸਿੱਖ ਸੀ, ਜੋ ਮੱਝਾਂ ਨੂੰ ਚਾਰਾ ਆਦਿ ਪਾਉਂਦਾ ਸੀ।’ ਸਿੱਧੂ ਨੇ ਦਲੀਲ ਦਿੱਤੀ ਕਿ ਇਹ ਬਿਆਨ ਸਮਾਜਕ ਤੌਰ ’ਤੇ ਅਪਮਾਨਜਨਕ ਸੀ ਅਤੇ ਇਸ ਦਾ ਮੰਤਵ ਨਾ ਸਿਰਫ ਉਨ੍ਹਾ ਦੇ ਪਿਤਾ ਦੀ ਵਿਰਾਸਤ ਨੂੰ, ਬਲਕਿ ਪੂਰੇ ਮਜ਼ਹਬੀ ਸਿੱਖ ਭਾਈਚਾਰੇ ਨੂੰ ਅਪਮਾਨਤ ਕਰਨਾ ਸੀ।