ਮਾਨ ਵੱਲੋਂ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਲੋਕਾਂ ਨੂੰ ਸਮਰਪਤ

0
52

ਪਠਾਨਕੋਟ (ਦਵਿੰਦਰ ਸਿੰਘ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ 3394.49 ਕਰੋੜ ਦੀ ਲਾਗਤ ਵਾਲੇ ਸ਼ਾਹਪੁਰ ਕੰਢੀ ਪ੍ਰਾਜੈਕਟ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ, ਜਿਸ ਨਾਲ ਸੂਬੇ ਵਿੱਚ ਬਿਜਲੀ ਤੇ ਸਿੰਚਾਈ ਸਹੂਲਤਾਂ ਵਿੱਚ ਵੱਡਾ ਵਾਧਾ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਹ ਡੈਮ ਕਿਸਾਨਾਂ, ਸਨਅਤਕਾਰਾਂ, ਕਾਰੋਬਾਰੀਆਂ ਤੇ ਆਮ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।ਉਹਨਾ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੀ ਕੀਮਤ 3394.49 ਕਰੋੜ ਰੁਪਏ ਹੈ। ਇਸ ਵਿੱਚੋਂ 2694.02 ਕਰੋੜ ਰੁਪਏ (ਲਗਭਗ 80 ਫੀਸਦੀ) ਪੰਜਾਬ ਵੱਲੋਂ ਖਰਚੇ ਜਾ ਰਹੇ ਹਨ, ਜਦਕਿ ਬਾਕੀ 700.45 ਕਰੋੜ ਰੁਪਏ (20 ਫੀਸਦੀ) ਦੀ ਸਹਾਇਤਾ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਸ਼ਾਹਪੁਰ ਕੰਢੀ ਪ੍ਰਾਜੈਕਟ ਲਈ 3171.72 ਏਕੜ ਜ਼ਮੀਨ ਐਕਵਾਇਰ ਕੀਤੀ, ਜਿਸ ਵਿੱਚ 1643.77 ਏਕੜ ਜ਼ਮੀਨ ਪੰਜਾਬ ਦੀ, ਜਦਕਿ 1527.95 ਏਕੜ ਜ਼ਮੀਨ ਜੰਮੂ-ਕਸ਼ਮੀਰ ਦੀ ਹੈ। ਨਵੇਂ ਡੈਮ ਨਾਲ ਸਿੰਚਾਈ ਸਹੂਲਤਾਂ ਦਾ ਜ਼ਿਕਰ ਕਰਦਿਆਂ ਇਸ ਪ੍ਰਾਜੈਕਟ ਨਾਲ ਪੰਜਾਬ ਵਿੱਚ 5000 ਹੈਕਟੇਅਰ (12500 ਏਕੜ) ਵਿੱਚ ਸਿੰਚਾਈ ਸਹੂਲਤ ਹੋਵੇਗੀ, ਜਿਸ ਨਾਲ ਮਾਝੇ ਇਲਾਕੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮਿ੍ਰਤਸਰ ਸਮੇਤ ਹੋਰ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਪਾਣੀ ਪਹੁੰਚੇਗਾ। ਇਸ ਪ੍ਰਾਜੈਕਟ ਨਾਲ ਅਪਰ ਬਾਰੀ ਦੁਆਬ ਨਹਿਰ ਅਧੀਨ ਇਕ ਲੱਖ 18 ਹਜ਼ਾਰ ਹੈਕਟੇਅਰ ਰਕਬੇ ਲਈ ਹੁਣ ਨਿਰੰਤਰ ਸਿੰਚਾਈ ਸਹੂਲਤਾਂ ਮਿਲਣਗੀਆਂ।
ਉਨ੍ਹਾ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਦੇ ਉਪਰਲੇ ਪਾਸੇ ਇੱਕ ਝੀਲ ਬਣਾਈ ਗਈ ਹੈ, ਜਿਸ ਨੂੰ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਡੈਮ ਨਾਲ ਪੰਜਾਬ, ਉਤਰੀ ਭਾਰਤ ਵਿੱਚ ਵਾਟਰ ਸਪੋਰਟਸ ਨੂੰ ਵੱਡਾ ਹੁਲਾਰਾ ਦੇਵੇਗਾ। ਸ਼ਾਹਪੁਰ ਕੰਢੀ ਡੈਮ, ਰਣਜੀਤ ਸਾਗਰ ਡੈਮ ਅਤੇ ਚਮਰੋੜ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਕੁਝ ਕੰਪਨੀਆਂ ਇਨ੍ਹਾਂ ਡੈਮਾਂ ਵਿੱਚ ਟੂਰਿਜ਼ਮ ਪ੍ਰਾਜੈਕਟ ਲਾਉਣ ਲਈ ਤਿਆਰ ਹਨ, ਜਿਨ੍ਹਾਂ ਨਾਲ ਗੱਲਬਾਤ ਦਾ ਦੌਰ ਜਾਰੀ ਹੈ। ਵੱਡੀਆਂ ਕੰਪਨੀਆਂ ਇਸ ਇਲਾਕੇ ਦੀ ਖੂਬਸੂਰਤੀ ਤੋਂ ਬਹੁਤ ਆਕਰਸ਼ਿਤ ਹਨ, ਜਿਸ ਕਰਕੇ ਇੱਥੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਬਰਿੰਦਰ ਕੁਮਾਰ ਗੋਇਲ ਅਤੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਤੇ ਹੋਰ ਹਾਜ਼ਰ ਸਨ।