ਟਰੰਪ ਨੂੰ ਟੱਕਰਨ ਵਾਲਾ ਜੰਮ ਪਿਆ

0
54

ਨਿਊ ਯਾਰਕ : ਜ਼ੋਹਰਾਨ ਮਮਦਾਨੀ ਨੇ ਨਿਊ ਯਾਰਕ ਸਿਟੀ ਦੇ ਪਹਿਲੇ ਮੁਸਲਮ ਮੇਅਰ ਅਤੇ ਇੱਕ ਸਦੀ ਵਿੱਚ ਮੇਅਰਲ ਚੋਣ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਡੈਮੋਕ੍ਰੇਟਿਕ ਸੋਸ਼ਲਿਸਟ ਮਮਦਾਨੀ ਨੇ ਆਪਣੇ ਪ੍ਰਗਤੀਸ਼ੀਲ ਏਜੰਡੇ ਦੀ ਤਾਕਤ ’ਤੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਅਤੇ ਰਿਪਬਲਿਕਨ ਕਰਟਿਸ ਸਲੀਵਾ ਨੂੰ ਹਰਾਇਆ, ਜੋ ਨਿਊ ਯਾਰਕ ਦੀ ਰਾਜਨੀਤੀ ਵਿੱਚ ਇੱਕ ਵੱਡੇ ਬਦਲਾਅ ਦਾ ਸੰਕੇਤ ਹੈ। ਮਮਦਾਨੀ ਨੂੰ 50.4 ਫੀਸਦੀ, ਆਜ਼ਾਦ ਕੁਓਮੋ ਨੂੰ 41.6 ਫੀਸਦੀ ਤੇ ਕਰਟਿਸ ਸਲੀਵਾ ਨੂੰ 7.1 ਫੀਸਦੀ ਵੋਟਾਂ ਮਿਲੀਆਂ। ਇਸ ਮੌਕੇ ਭਾਵੁਕ ਹੁੰਦਿਆਂ ਮਮਦਾਨੀ ਨੇ ਜਵਾਹਰ ਲਾਲ ਨਹਿਰੂ ਦੇ ਇਤਿਹਾਸਕ ਸ਼ਬਦਾਂ ਨੂੰ ਦੁਹਰਾਇਆ ਅਤੇ ਕਿਹਾ, ‘ਇਤਿਹਾਸ ਵਿੱਚ ਇੱਕ ਪਲ ਅਜਿਹਾ ਆਉਂਦਾ ਹੈ, ਪਰ ਬਹੁਤ ਘੱਟ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵਿੱਚ ਕਦਮ ਰੱਖਦੇ ਹਾਂ, ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਜਦੋਂ ਲੰਮੇ ਸਮੇਂ ਤੋਂ ਦੱਬੀ ਹੋਈ ਕੌਮ ਦੀ ਆਤਮਾ ਨੂੰ ਬੋਲ ਮਿਲਦੇ ਹਨ। ਅੱਜ ਰਾਤ, ਅਸੀਂ ਪੁਰਾਣੇ ਤੋਂ ਨਵੇਂ ਵਿੱਚ ਕਦਮ ਰੱਖਿਆ ਹੈ।’ ਜਿੱਤ ਦੀ ਪਾਰਟੀ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮਮਦਾਨੀ ਨੇ ਕਿਹਾ ਕਿ ਉਨ੍ਹਾ ਇੱਕ ਸਿਆਸੀ ਵੰਸ਼ ਨੂੰ ਉਖਾੜ ਦਿੱਤਾ ਹੈ ਅਤੇ ਉਹ ਹੁਣ ਅਜਿਹੀ ਰਾਜਨੀਤੀ ਦਾ ਪੰਨਾ ਪਲਟ ਰਹੇ ਹਨ, ਜੋ ਕੁਝ ਕੁ ਲੋਕਾਂ ਦੇ ਹਿੱਤ ਵਿੱਚ ਸੀ।
ਉਧਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਹਾਰ ਦਾ ਕਾਰਨ ਖੁਦ ਦਾ ਵੋਟਰ ਨਾ ਹੋਣਾ ਅਤੇ ਸ਼ਟਡਾਊਨ ਦੇ ਮੁੱਦਿਆਂ ਨੂੰ ਦੱਸਿਆ । ਭਾਸ਼ਣ ਦੌਰਾਨ ਮਮਦਾਨੀ ਨੇ ਕਿਹਾ, ‘ਦੋਸਤੋ, ਅਸੀਂ ਇੱਕ ਰਾਜਨੀਤਕ ਰਾਜਵੰਸ਼ ਨੂੰ ਉਖਾੜ ਦਿੱਤਾ ਹੈ। ਮੈਂ ਐਂਡਰਿਊ ਕੁਓਮੋ ਨੂੰ ਨਿੱਜੀ ਜ਼ਿੰਦਗੀ ਵਿੱਚ ਸ਼ੁਭਕਾਮਨਾਵਾਂ ਦਿੰਦਾ ਹਾਂ, ਪਰ ਅੱਜ ਰਾਤ ਆਖਰੀ ਵਾਰ ਹੋਵੇ, ਜਦੋਂ ਮੈਂ ਉਸ ਦਾ ਨਾਂਅ ਲਵਾਂ, ਕਿਉਂਕਿ ਅਸੀਂ ਇੱਕ ਅਜਿਹੀ ਰਾਜਨੀਤੀ ਦਾ ਪੰਨਾ ਪਲਟ ਰਹੇ ਹਾਂ ਜੋ ਬਹੁਤਿਆਂ ਨੂੰ ਛੱਡ ਦਿੰਦੀ ਹੈ ਅਤੇ ਸਿਰਫ ਕੁਝ ਕੁ ਲੋਕਾਂ ਦੀ ਸੁਣਦੀ ਹੈ। ਨਿਊ ਯਾਰਕ, ਅੱਜ ਰਾਤ ਤੁਸੀਂ ਇਹ ਕਰ ਦਿਖਾਇਆ ਹੈ।’ ਚੋਣ ਪ੍ਰਚਾਰ ਦੌਰਾਨ ਮਮਦਾਨੀ ਨੇ ਖੱਬੇ-ਪੱਖੀ ਨੀਤੀਆਂ ਦੀ ਤਜਵੀਜ਼ ਰੱਖੀ ਸੀ, ਜਿਸ ਵਿੱਚ ਲਗਭਗ 10 ਲੱਖ ਅਪਾਰਟਮੈਂਟਾਂ ਦੇ ਕਿਰਾਏ ਫਰੀਜ਼ ਕਰਨਾ ਅਤੇ ਸ਼ਹਿਰ ਦੀਆਂ ਬੱਸਾਂ ਨੂੰ ਮੁਫਤ ਕਰਨਾ ਸ਼ਾਮਲ ਹੈ। ਉਨ੍ਹਾ ਅਮੀਰਾਂ ਤੇ ਵੱਡੀਆਂ ਕੰਪਨੀਆਂ ’ਤੇ ਨਵੇਂ ਟੈਕਸ ਲਾ ਕੇ 9 ਅਰਬ ਡਾਲਰ ਜੁਟਾਉਣ ਦੀ ਗੱਲ ਵੀ ਕਹੀ ਸੀ।
ਗੁਜਰਾਤੀ ਪਿਤਾ ਪ੍ਰੋਫੈਸਰ ਮਹਿਮੂਦ ਮਮਦਾਨੀ ਤੇ ਓਡੀਸ਼ੀ ਮਾਂ ਫਿਲਮਸਾਜ਼ ਮੀਰਾ ਨਾਇਰ ਦੇ 34 ਸਾਲਾ ਬੇਟੇ ਮਮਦਾਨੀ ਨੇ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ’ਚ ਸਾਬਕਾ ਗਵਰਨਰ ਐਂਡਰਿਊ ਕੁਓਮੋ (67) ਨੂੰ ਹਰਾਇਆ। ਪ੍ਰਾਇਮਰੀ ਚੋਣ ਵਿੱਚ ਮਮਦਾਨੀ ਹੱਥੋਂ ਨਾਮਜ਼ਦਗੀ ਗੁਆਉਣ ਤੋਂ ਬਾਅਦ ਕੁਓਮੋ ਨੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਨਿਤਰਨ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਅਧਿਕਾਰਤ ਤੌਰ ’ਤੇ ਕੁਓਮੋ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਟਰੰਪ ਨੇ ਲੰਘੇ ਦਿਨੀਂ ਇਥੋਂ ਤੱਕ ਕਿਹਾ ਸੀ ਕਿ ਜੇ ਡੈਮੋਕਰੇਟਿਕ ਉਮੀਦਵਾਰ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊ ਯਾਰਕ ਲਈ ‘ਮੁਕੰਮਲ ਆਰਥਕ ਤੇ ਸਮਾਜੀ ਤਬਾਹੀ ਹੋਵੇਗਾ’ ਤੇ ਸ਼ਹਿਰ ਦੀ ‘ਹੋਂਦ’ ਲਈ ਖਤਰਾ ਖੜ੍ਹਾ ਹੋ ਜਾਵੇਗਾ। ਮਮਦਾਨੀ ਹੀ ਨਹੀਂ ਜਿੱਤਿਆ, ਵਰਜੀਨੀਆ ਵਿੱਚ ਡੈਮੋਕਰੇਟ ਅਬੀਗੈਲ ਸਪੈਨਬਰਗਰ ਨੇ ਗਵਰਨਰ ਦੀ ਚੋਣ ਆਸਾਨੀ ਨਾਲ ਜਿੱਤ ਲਈ। ਉਹ ਵਰਜੀਨੀਆ ਦੀ ਪਹਿਲੀ ਮਹਿਲਾ ਗਵਰਨਰ ਹੋਵੇਗੀ। ਨਿਊ ਜਰਸੀ ਵਿੱਚ ਡੈਮੋਕਰੇਟ ਮਿਕੀ ਸ਼ੈਰਿਲ ਨੇ ਗਵਰਨਰ ਦੀ ਚੋਣ ਜਿੱਤੀ।
ਭਾਰਤ ਵਿੱਚ ਜਨਮੀ ਅਮਰੀਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ (61) ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ। ਹਾਸ਼ਮੀ ਰਾਜ ਦੇ ਉੱਚ ਸਿਆਸੀ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਮੁਸਲਮ ਅਤੇ ਦੱਖਣੀ ਏਸ਼ੀਆਈ ਅਮਰੀਕੀ ਬਣ ਗਈ ਹੈ। ਹਾਸ਼ਮੀ ਨੇ ਰਿਪਬਲਿਕਨ ਉਮੀਦਵਾਰ ਜੌਨ ਰੀਡ ਨੂੰ ਹਰਾਇਆ।
ਡੈਮੋਕਰੇਟਿਕ ਪਾਰਟੀ ਦੇ 43 ਸਾਲਾ ਆਫਤਾਬ ਕਰਮ ਸਿੰਘ ਪੁਰੇਵਾਲ ਉਪ ਰਾਸ਼ਟਰਪਤੀ ਜੇ ਡੀ ਵਾਂਸ ਦੇ ਸੌਤੇਲੇ ਭਰਾ ਕੋਰੀ ਬਾਊਮੈਨ ਨੂੰ ਹਰਾ ਕੇ ਸਿਨਸਿਨਾਟੀ ਦੇ ਲਗਾਤਾਰ ਦੂਜੀ ਵਾਰ ਮੇਅਰ ਚੁਣੇ ਗਏ। ਪਿਛਲੀ ਵਾਰ ਉਹ 2021 ਵਿੱਚ ਜਿੱਤੇ ਸਨ।