ਨੰਗਲ : ਰੂਪਨਗਰ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿੱਚ ਇੱਕ ਦਿਲ ਦਹਿਲਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 45 ਸਾਲਾ ਵਿਧਵਾ ਰੰਜਨਾ ਦੇਵੀ ਨੇ ਇੱਕ ਨਿੱਜੀ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟਾਂ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਬੁੱਧਵਾਰ ਸ਼ਾਮ ਨੂੰ ਇਸ ਮਹਿਲਾ ਨੇ ਨੰਗਲ ਹਾਈਡਲ ਨਹਿਰ ਵਿੱਚ ਛਾਲ ਮਾਰ ਲਈ, ਕਿਉਂਕਿ ਏਜੰਟ ਉਸ ਨੂੰ ਸਿਰਫ਼ 1,000 ਰੁਪਏ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਲਈ ਵਾਰ-ਵਾਰ ਧਮਕਾ ਰਹੇ ਸਨ। ਰੰਜਨਾ ਦੇਵੀ, ਜੋ ਕਿ ਦੋ ਧੀਆਂ ਦੀ ਮਾਂ ਸੀ, ਘਰ ਵਿੱਚ ਕੱਪੜੇ ਸਿਉਂ ਕੇ ਆਪਣਾ ਗੁਜ਼ਾਰਾ ਕਰਦੀ ਸੀ। ਉਸ ਦੀ ਵੱਡੀ ਧੀ ਆਂਚਲ ਨੇ ਦੱਸਿਆ ਕਿ ਉਸ ਦੀ ਮਾਂ ਨੇ ਸਿਲਾਈ ਮਸ਼ੀਨ ਖਰੀਦਣ ਲਈ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਇੱਕ ਨਿੱਜੀ ਵਿੱਤ ਕੰਪਨੀ ਤੋਂ ਲੱਗਭੱਗ 30,000 ਰੁਪਏ ਦਾ ਕਰਜ਼ਾ ਲਿਆ ਸੀ। ਆਂਚਲ ਨੇ ਭਰੇ ਮਨ ਨਾਲ ਦੱਸਿਆ ਕਿ ਮਾਂ ਨੇ ਸਾਰੀ ਰਕਮ ਇੱਕ ਵਿਚੋਲਣ ਰਾਹੀਂ ਵਾਪਸ ਕਰ ਦਿੱਤੀ ਸੀ, ਪਰ ਹਾਲ ਹੀ ਵਿੱਚ ਕੁਝ ਰਿਕਵਰੀ ਏਜੰਟ ਉਨ੍ਹਾਂ ਦੇ ਘਰ ਆਉਣ ਲੱਗੇ ਅਤੇ ਕਹਿਣ ਲੱਗੇ ਕਿ ਕਰਜ਼ਾ ਅਜੇ ਵੀ ਬਕਾਇਆ ਹੈ। ਜਦੋਂ ਉਸ ਦੀ ਮਾਂ ਵਿਚੋਲਣ ਨੂੰ ਲੱਭ ਨਹੀਂ ਸਕੀ ਤਾਂ ਉਹ ਦੁਬਾਰਾ ਭੁਗਤਾਨ ਕਰਨ ਲਈ ਤਿਆਰ ਹੋ ਗਈ, ਪਰ ਉਸ ਕੋਲ ਸਿਰਫ਼ 1,000 ਰੁਪਏ ਘੱਟ ਸਨ। ਆਂਚਲ ਦੇ ਅਨੁਸਾਰ ਏਜੰਟਾਂ ਨੇ ਉਸ ਦੀ ਮਾਂ ਨਾਲ ਦੁਰਵਿਵਹਾਰ ਕੀਤਾ ਅਤੇ ਧੱਕਾ ਵੀ ਦਿੱਤਾ। ਇਸ ਡਰ ਅਤੇ ਬੇਇੱਜ਼ਤੀ ਤੋਂ ਤੰਗ ਆ ਕੇ ਰੰਜਨਾ ਦੇਵੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਹੁਣ ਆਂਚਲ ਅਤੇ ਉਸ ਦੀ ਛੋਟੀ ਭੈਣ ਬੇਸਹਾਰਾ ਹੋ ਗਈਆਂ ਹਨ। ਇਸ ਘਟਨਾ ਨੇ ਖੇਤਰ ਵਿੱਚ ਗੈਰ-ਕਾਨੂੰਨੀ ਅਤੇ ਗੈਰ-ਨਿਯੰਤਿ੍ਰਤ ਨਿੱਜੀ ਵਿੱਤ ਕੰਪਨੀਆਂ ਦੇ ਨੈੱਟਵਰਕ ਦਾ ਮੁੱਦਾ ਉਜਾਗਰ ਕੀਤਾ ਹੈ, ਜੋ ਛੋਟੇ ਕਰਜ਼ਿਆਂ ਦੀ ਜ਼ਰੂਰਤ ਵਾਲੇ ਗਰੀਬ ਕਰਜ਼ਦਾਰਾਂ ਦਾ ਸ਼ੋਸ਼ਣ ਕਰਦੀਆਂ ਹਨ। ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਇਹ ਕੰਪਨੀਆਂ ਮਹੀਨਾਵਾਰ 5 ਤੋਂ 10 ਫੀਸਦ ਤੱਕ ਬਹੁਤ ਜ਼ਿਆਦਾ ਵਿਆਜ ਦਰਾਂ ਵਸੂਲ ਰਹੀਆਂ ਹਨ, ਜੋ ਕਿ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਸਪੱਸ਼ਟ ਉਲੰਘਣਾ ਹੈ। ਇਸ ਸੰਬੰਧ ਵਿੱਚ ਆਂਚਲ ਨੇ ਨੰਗਲ ਪੁਲਸ ਸਟੇਸ਼ਨ ’ਚ ਸੱਤਿਆ ਫਾਈਨਾਂਸ ਕੰਪਨੀ ਦੇ ਤਿੰਨ ਰਿਕਵਰੀ ਏਜੰਟਾਂ ਸ਼ੁਭਮ, ਸਾਗਰ ਅਤੇ ਅਭਿਸ਼ੇਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਰੂਪਨਗਰ ਦੇ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਕੰਪਨੀ ਤੇ ਏਜੰਟਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।





