ਹਰਿਆਣਾ ’ਚ ਗੁੰਡਿਆਂ ਨੇ ਪੁਲਸ ਅਫ਼ਸਰ ਨੂੰ ਕੁੱਟ-ਕੁੱਟ ਕੇ ਮਾਰਿਆ

0
104

ਹਿਸਾਰ : ਸਥਾਨਕ ਸ਼ਾਮ ਲਾਲ ਢਾਣੀ ਕਾਲੋਨੀ ਵਿੱਚ ਬੀਤੀ ਰਾਤ ਹਰਿਆਣਾ ਪੁਲਸ ਦੇ ਇੱਕ ਸਬ-ਇੰਸਪੈਕਟਰ ਨੂੰ ਉਸ ਦੇ ਘਰ ਦੇ ਬਾਹਰ ਬਦਮਾਸ਼ਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਮਿ੍ਰਤਕ ਦੀ ਪਛਾਣ 57 ਸਾਲਾ ਰਮੇਸ਼ ਕੁਮਾਰ ਵਜੋਂ ਹੋਈ ਹੈ, ਜੋ ਹਿਸਾਰ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਦਫ਼ਤਰ ਵਿੱਚ ਤਾਇਨਾਤ ਸੀ। ਉਸ ਨੇ ਆਪਣੇ ਮੁਹੱਲੇ ਵਿੱਚ ਹੰਗਾਮਾ ਕਰ ਰਹੇ ਨੌਜਵਾਨਾਂ ਦੇ ਇੱਕ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਨੌਜਵਾਨ ਕੁਝ ਸਮੇਂ ਬਾਅਦ ਵਾਪਸ ਆਏ ਅਤੇ ਉਸ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਘਰੋਂ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ’ਤੇ ਇੱਟਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਮੌਕੇ ਤੋਂ ਇੱਕ ਕਾਰ ਅਤੇ ਦੋ ਦੋਪਹੀਆ ਵਾਹਨ ਛੱਡ ਕੇ ਭੱਜ ਗਏ ਸਨ। ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਜੁਰਮ ਵਾਲੀ ਥਾਂ ’ਤੇ ਛੱਡੇ ਗਏ ਵਾਹਨਾਂ ਨੂੰ ਵੀ ਜ਼ਬਤ ਕਰ ਲਿਆ ਹੈ। ਪੁਲਸ ਨੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ।