ਚਲਦੇ ਮੈਚ ’ਚ ਦਿਲ ਦਾ ਦੌਰਾ ਪੈਣ ਨਾਲ ਕਬੱਡੀ ਖਿਡਾਰੀ ਦੀ ਮੌਤ

0
46

ਫ਼ਤਿਹਗੜ੍ਹ ਸਾਹਿਬ
(ਪ੍ਰਮੋਦ ਭਾਰਦਵਾਜ)
ਪਿੰਡ ਬਲਿਆਲ ਦੇ ਉੱਘੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਕਬੱਡੀ ਟੂਰਨਾਮੈਂਟ ’ਚ ਖੇਡਦੇ ਸਮੇਂ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਪਿੰਡ ਬਲਿਆਲ ਦੇ ਸਰਪੰਚ ਜਗਮੀਤ ਸਿੰਘ ਭੋਲਾ ਨੇ ਦੱਸਿਆ ਕਿ ਬਿੱਟੂ ਬਲਿਆਲ ਪਿੰਡ ਰੂਪਾਲਹੇੜੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਕਬੱਡੀ ਟਰੂਨਾਮੈਂਟ ’ਚ ਖੇਡ ਰਿਹਾ ਸੀ। ਉਸ ਵੱਲੋਂ ਰੇਡ ਪਾਉਣ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ ਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਕੁਝ ਸਮਾਂ ਪਹਿਲਾ ਬਿੱਟੂ ਬਲਿਆਲ ਨੂੰ ਦਿਲ ਦੀ ਬਿਮਾਰੀ ਹੋਣ ਕਾਰਨ ਉਸ ਦੇ 3 ਸਟੰਟ ਪਾਏ ਗਏ ਸਨ ਤੇ ਡਾਕਟਰਾਂ ਵੱਲੋਂ ਉਸ ਨੂੰ ਕਬੱਡੀ ਨਾ ਖੇਡਣ ਦੀ ਸਲਾਹ ਦਿੱਤੀ ਗਈ ਸੀ। ਬਿੱਟੂ ਬਲਿਆਲ ਦੀ ਅਚਾਨਕ ਹੋਈ ਮੌਤ ਨਾਲ ਪਿੰਡ ਵਾਸੀਆਂ ਤੇ ਉਸ ਦੇ ਦੋਸਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬਿੱਟੂ ਬਲਿਆਲ ਦੇ ਮਾਤਾ-ਪਿਤਾ ਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਬਿੱਟੂ ਦੇ ਪਰਵਾਰ ’ਚ ਉਸ ਦੀ ਵਿਧਵਾ ਪਤਨੀ ਤੇ ਭੈਣ ਹੀ ਰਹਿ ਗਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਰਵਾਰ ਦੀ ਯੋਗ ਆਰਥਕ ਸਹਾਇਤਾ ਕੀਤੀ ਜਾਵੇ ਤੇ ਉਸ ਦੀ ਵਿਧਵਾ ਪਤਨੀ ਤੇ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।