ਖੈਬਰ ਪਖਤੂਨਖਵਾ ’ਚ ਧਮਾਕਾ, 3 ਮੌਤਾਂ

0
91

ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਹੋਏ ਇੱਕ ਗ੍ਰਨੇਡ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਖੈਬਰ ਜ਼ਿਲ੍ਹੇ ਦੀ ਬਾਰਾ ਤਹਿਸੀਲ ਵਿੱਚ ਇੱਕ ਸਥਾਨਕ ਵਿਅਕਤੀ ਦੇ ਘਰ ਵਿੱਚ ਵਾਪਰੀ। ਧਮਾਕੇ ਵਿੱਚ ਘਰ ਦੇ ਮਾਲਕ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਧਮਾਕੇ ਵਿੱਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਇਲਾਜ ਲਈ ਡੋਗਰਾ ਹਸਪਤਾਲ ਲਿਜਾਇਆ ਗਿਆ ਹੈ।
ਸਰਦ ਰੁੱਤ ਅਜਲਾਸ 1 ਤੋਂ
ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਅਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਹੋਵੇੇਗਾ। ਇਹ ਜਾਣਕਾਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਸਨਿੱਚਰਵਾਰ ਨੂੰ ਦਿੱਤੀ। ਰਿਜੀਜੂ ਨੇ ਐੱਕਸ ’ਤੇ ਪੋਸਟ ਕਰਦਿਆਂ ਕਿਹਾ, ‘ਇੱਕ ਉਸਾਰੂ ਅਤੇ ਅਰਥਪੂਰਨ ਸੈਸ਼ਨ ਦੀ ਉਡੀਕ ਹੈ, ਜੋ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰੇ ਅਤੇ ਲੋਕਾਂ ਦੀਆਂ ਇੱਛਾਵਾਂ ਦੀ ਸੇਵਾ ਕਰੇ।’
ਜੰਮੂ-ਕਸ਼ਮੀਰ ’ਚ ਦੋ ਅੱਤਵਾਦੀ ਢੇਰ
ਸ੍ਰੀਨਗਰ : ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਭਾਰਤੀ ਫੌਜ ਨੂੰ ਸ਼ੁੱਕਰਵਾਰ ਕੰਟਰੋਲ ਰੇਖਾ ਪਾਰੋਂ ਘੁਸਪੈਠ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਅਤੇ ਅੱਤਵਾਦੀਆਂ ਵਿਰੁੱਧ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਭਾਰਤੀ ਫੌਜ ਦੀ ਇਕ ਇਕਾਈ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਦੱਸਿਆ ਕਿ ਅੱਤਵਾਦੀਆਂ ਨੇ ਤਲਾਸ਼ੀ ਮੁਹਿੰਮ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਦੋ ਅੱਤਵਾਦੀ ਮਾਰੇ ਗਏ। ਇਹ ਕਾਰਵਾਈ ਅਜੇ ਵੀ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਜਾਂ ਉਨ੍ਹਾਂ ਦੇ ਸੰਗਠਨ ਦੀ ਪਛਾਣ ਅਜੇ ਤੱਕ ਜਾਰੀ ਨਹੀਂ ਕੀਤੀ ਗਈ।
ਪੰਜਾਬ ਸਰਕਾਰ ਦਾ ਪ੍ਰਸਤਾਵ ਰੱਦ
ਅੰਮਿ੍ਰਤਸਰ : ਐੱਸ ਜੀ ਪੀ ਸੀ ਨੇੇ ਆਨੰਦਪੁਰ ਸਾਹਿਬ ਵਿਚ ਕੀਰਤਨ ਦਰਬਾਰ ਕਰਵਾਉਣ ਦੇ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਐੱਸ ਜੀ ਪੀ ਸੀ ਨੇ ਦਲੀਲ ਦਿੱਤੀ ਕਿ ਸਮਾਗਮ ਕਰਵਾਉਣ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਸਿੱਖ ਧਾਰਮਿਕ ਸੰਸਥਾਵਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਤੇ ਸਰਕਾਰ ਨੂੰ ਸਿਰਫ ਲੋੜੀਂਦੇ ਤੇ ਬੁਨਿਆਦੀ ਢਾਂਚਾ ਸਹੂਲਤਾਂ ਪ੍ਰਦਾਨ ਕਰਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ।