ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਹੰਸ ਰਾਜ ਖ਼ਿਲਾਫ਼ ਇੱਕ ਔਰਤ ਦੀ ਸ਼ਿਕਾਇਤ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਤਹਿਤ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹੰਸ ਰਾਜ ਚੂਰਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਔਰਤ ਨੇ ਉਨ੍ਹਾਂ ’ਤੇ ਲੰਮੇ ਸਮੇਂ ਤੋਂ ਜਿਨਸੀ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ। ਇਹ ਕਾਰਵਾਈ ਚੰਬਾ ਦੇ ਮਹਿਲਾ ਪੁਲਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੀਤੀ ਗਈ ਹੈ। ਪੁਲਸ ਸੂਤਰਾਂ ਅਨੁਸਾਰ ਪੀੜਤਾ ਨੇ ਆਪਣੇ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਵਿਧਾਇਕ ਹੰਸ ਰਾਜ ਉਸ ਦਾ ਜਿਨਸੀ ਸ਼ੋਸ਼ਣ ਉਦੋਂ ਤੋਂ ਕਰ ਰਹੇ ਸਨ, ਜਦੋਂ ਉਹ ਸਿਰਫ਼ 16 ਸਾਲ ਦੀ ਸੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਔਰਤ ਨੇ ਫੇਸਬੁਕ ’ਤੇ ਲਾਈਵ ਹੋ ਕੇ ਵੀ ਵਿਧਾਇਕ ਅਤੇ ਉਸ ਦੇ ਸਹਿਯੋਗੀਆਂ ’ਤੇ ਗੰਭੀਰ ਦੋਸ਼ ਲਾਏ ਸਨ ਅਤੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਸਬੂਤ ਹੋਣ ਦੀ ਗੱਲ ਆਖੀ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਪੀੜਤਾ ਦਾ ਬਿਆਨ ਮੈਜਿਸਟਰੇਟ ਸਾਹਮਣੇ ਦਰਜ ਕਰਵਾਇਆ ਹੈ ਅਤੇ ਉਸ ਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਗਿਆ ਹੈ। ਚੰਬਾ ਦੇ ਵਧੀਕ ਪੁਲਸ ਸੁਪਰਡੈਂਟ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਪੀੜਤਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ, ਕਿਉਂਕਿ ਉਸ ਨੇ ਆਪਣੀ ਅਤੇ ਆਪਣੇ ਪਰਵਾਰ ਦੀ ਜਾਨ ਦੇ ਖ਼ਤਰੇ ਵਿੱਚ ਹੋਣ ਬਾਰੇ ਕਿਹਾ ਸੀ। ਇਸੇ ਦੌਰਾਨ ਤਿੱਸਾ ਪੁਲਸ ਥਾਣੇ ਵਿੱਚ ਇੱਕ ਹੋਰ ਐੱਫ ਆਈ ਆਰ ਵੀ ਦਰਜ ਕੀਤੀ ਗਈ ਹੈ, ਜਿਸ ਵਿੱਚ ਪੀੜਤਾ ਦੇ ਪਿਤਾ ਨੇ ਵਿਧਾਇਕ ਦੇ ਕਰੀਬੀ ਸਹਿਯੋਗੀਆਂ ਲੇਖ ਰਾਜ ਅਤੇ ਮੁਨੀਅਨ ਖਾਨ ’ਤੇ ਅਗਵਾ ਕਰਨ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ। ਪਿਛਲੇ ਸਾਲ 9 ਅਗਸਤ ਨੂੰ ਵੀ ਇਸੇ ਔਰਤ ਨੇ ਹੰਸ ਰਾਜ ਖ਼ਿਲਾਫ਼ ਅਸ਼ਲੀਲ ਸੰਦੇਸ਼ ਭੇਜਣ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਬਾਅਦ ਵਿੱਚ ਉਸ ਨੇ ਇਹ ਕਹਿੰਦਿਆਂ ਦੋਸ਼ ਵਾਪਸ ਲੈ ਲਏ ਸਨ ਕਿ ਉਸ ਨੇ ਮਾਨਸਕ ਤਣਾਅ ਤੇ ਬਾਹਰੀ ਪ੍ਰਭਾਵ ਹੇਠ ਅਜਿਹਾ ਕੀਤਾ ਸੀ। ਇਨ੍ਹਾਂ ਸਾਰੇ ਦੋਸ਼ਾਂ ਦੇ ਜਵਾਬ ਵਿੱਚ ਵਿਧਾਇਕ ਹੰਸ ਰਾਜ ਨੇ ਇਸ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਸਾਜ਼ਿਸ਼ ਦੱਸਿਆ ਹੈ।





