ਪਟਿਆਲਾ : ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਅਤੇ ਸੂਬਾ ਕਮੇਟੀ ਅਹੁਦੇਦਾਰਾਂ ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ ਲਹਿਰਾ, ਸਰਿੰਦਰਪਾਲ ਸਿੰਘ ਲਹੌਰੀਆ, ਨਰਿੰਦਰ ਸੈਣੀ, ਪ੍ਰਦਿਊਮਣ ਗੌਤਮ, ਕਮਲ ਕੁਮਾਰ, ਦਵਿੰਦਰ ਸਿੰਘ ਪਸੌਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਰਿੰਦਰ ਬੱਲ ਤੇ ਪੂਰਨ ਸਿੰਘ ਖਾਈ ਨੇ ਸਾਂਝਾ ਬਿਆਨ ਜਾਰੀ ਕਰਕੇ ਪਾਵਰਕਾਮ ਦੇ ਸੀ ਐੱਮ ਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਹੈ ਕਿ ਤਰਨ ਤਾਰਨ ਸਰਕਲ ਦੀ ਝਬਾਲ ਸਬ-ਡਵੀਜ਼ਨ ਦੇ ਉਪ ਮੰਡਲ ਅਫਸਰ ਸਮੇਤ ਸਾਰੇ ਦਫਤਰੀ ਸਟਾਫ ਨੂੰ ਬਿਜਲੀ ਚੋਰੀ ਦੇ ਫੜੇ ਕੇਸ ਛੁਡਵਾਉਣ ਲਈ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਦਫਤਰ ਦੀ ਘੇਰਾਬੰਦੀ ਕਰਕੇ ਦੇਰ ਰਾਤ ਤੱਕ ਬੰਧਕ ਬਣਾ ਕੇ ਰੱਖਣ ਲਈ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਤੋਂ ਇਲਾਵਾ ਫੜੇ ਗਏ ਬਿਜਲੀ ਚੋਰੀ ਦੇ ਕੇਸਾਂ ਸੰਬੰਧੀ ਢੁੱਕਵੀਂ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਝਬਾਲ ਸਬ-ਡਵੀਜ਼ਨ ਨੂੰ ਭੈਅ ਮੁਕਤ ਕਰਨ ਲਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਮੁਲਾਜ਼ਮ ਆਗੂਆਂ ਨੇ ਮਾਨ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ’ਤੇ ਚਿੰਤਾ ਜ਼ਾਹਰ ਕਰਦਿਆ ਕਿਹਾ ਕਿ ਇਨ੍ਹਾਂ ਹਾਲਤਾਂ ਵਿੱਚ ਮੁਲਾਜ਼ਮ ਕਿਵੇਂ ਆਪਣੀਆਂ ਡਿਊਟੀਆ ਨਿਭਾਉਣਗੇ, ਕਿਉਂਕਿ ਫੀਲਡ ਵਿੱਚ ਹਾਲਾਤ ਪਹਿਲਾ ਨਾਲੋਂ ਵੀ ਬਦਤਰ ਹੁੰਦੇ ਜਾ ਰਹੇ ਹਨ, ਕਰਮਚਾਰੀ ਪਹਿਲਾਂ ਹੀ ਘੱਟ ਗਿਣਤੀ ਦੇ ਚਲਦਿਆਂ ਕੰਮ ਦੇ ਬੋਝ ਹੇਠ ਦਬ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਕੇ ਵੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਪਰ ਦੂਜੇ ਪਾਸੇ ਕੁਝ ਬੇਲਗਾਮ ਲੋਕ ਕਾਨੂੰਨ ਨੂੰ ਟਿੱਚ ਸਮਝਦਿਆਂ ਦਾਦਾਗਿਰੀ ਕਰ ਰਹੇ ਹਨ, ਜਿਸ ਦੀ ਵਜ੍ਹਾ ਕਰਕੇ ਇਸ ਖਿੱਤੇ ਦਾ ਮਾਹੌਲ ਲਗਾਤਾਰ ਖਰਾਬ ਰਹਿਣ ਕਾਰਨ ਕਰਮਚਾਰੀਆਂ ਦੇ ਹੌਸਲੇ ਪਸਤ ਹੋ ਰਹੇ ਹਨ। ਮੁਲਾਜ਼ਮ ਆਗੂਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਤਿੱਖਾ ਕਰਦਿਆਂ ਇਸ ਦਾ ਘੇਰਾ ਵਿਸ਼ਾਲ ਕੀਤਾ ਜਾਵੇਗਾ, ਜਿਸ ਤੋਂ ਨਿਕਲੇ ਸਿੱਟਿਆਂ ਦੀ ਜ਼ਿੰਮੇਵਾਰੀ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।