ਭਾਜਪਾ ਸਰਕਾਰ ਪੰਜਾਬ ਵਿਰੋਧੀ ਮਾਨਸਿਕਤਾ ਤੋਂ ਪੀੜਤ : ਮਾਨ

0
112

ਬਟਾਲਾ ਵਿਖੇ ਨਵਾਂ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਤ

ਬਟਾਲਾ (ਤਰਲੋਕ ਬੱਗਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਨੀਵਾਰ ਇੱਥੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਤ ਕੀਤਾ ਗਿਆ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਆਮ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਤਹਿਸੀਲ ਕੰਪਲੈਕਸ 10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਉਨ੍ਹਾ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾ ਨੂੰ ਇਸ ਪਵਿੱਤਰ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੈ। ਨਵੇਂ ਕੰਪਲੈਕਸ ਦੇ ਨਿਰਮਾਣ ਨਾਲ ਹੁਣ 314 ਪਿੰਡਾਂ ਦੇ ਲੋਕ ਇੱਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਪ੍ਰਾਪਤ ਕਰ ਸਕਣਗੇ। ਮਾਨ ਨੇ ਕਿਹਾ ਕਿ ਬਟਾਲਾ ਸਬ-ਡਵੀਜ਼ਨ ਤੋਂ ਇਲਾਵਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਬਟਾਲਾ ਦੇ ਨਾਲ-ਨਾਲ ਡੇਰਾ ਬਾਬਾ ਨਾਨਕ ਅਤੇ ਕਾਹਨੂੰਵਾਨ ਦੇ ਕੁਝ ਪਿੰਡ ਇਸ ਤਹਿਸੀਲ ਦੇ ਅਧਿਕਾਰ ਖੇਤਰ ਵਿੱਚ ਆਉਦੇ ਹਨ। ਤਹਿਸੀਲ ਕੰਪਲੈਕਸ ਵਿੱਚ ਐੱਸ ਡੀ ਐੱਮ, ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀਆਂ ਦੇ ਦਫ਼ਤਰਾਂ ਦੇ ਨਾਲ ਇੱਕ ਨਾਗਰਿਕ ਸੇਵਾ ਕੇਂਦਰ ਵੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਪਲੈਕਸ ਵਿੱਚ ਇੱਕ ਅਤਿ-ਆਧੁਨਿਕ ਈ-ਰਜਿਸਟਰੀ ਦਫ਼ਤਰ ਵੀ ਹੈ ਅਤੇ ਜਨਤਕ ਸਹੂਲਤ ਲਈ ਇੱਕ ਲਿਫਟ ਵੀ ਲਗਾਈ ਗਈ ਹੈ। ਇਸ ਸਹੂਲਤ ਵਿੱਚ ਬੈਠਣ ਲਈ ਆਰਾਮਦਾਇਕ ਪ੍ਰਬੰਧ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਨਾਲ ਇੱਕ ਸ਼ਾਨਦਾਰ ਵੇਟਿੰਗ ਰੂਮ ਵੀ ਬਣਿਆ ਹੋਇਆ ਹੈ। ਨਵਾਂ ਤਹਿਸੀਲ ਕੰਪਲੈਕਸ ਜੁਡੀਸ਼ੀਅਲ ਕੰਪਲੈਕਸ ਅਤੇ ਪੁਲਸ ਲਾਈਨ ਦੇ ਨੇੜੇ ਸਥਿਤ ਹੈ, ਜਿਸ ਨਾਲ ਵਸਨੀਕਾਂ ਲਈ ਪ੍ਰਸ਼ਾਸਨਿਕ ਕੰਮ ਆਸਾਨ ਹੋ ਜਾਵੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਪੰਜਾਬ ਯੂਨੀਵਰਸਿਟੀ ’ਚ ਪਿਛਲੇ ਦਰਵਾਜ਼ੇ ਰਾਹੀਂ ਦਾਖ਼ਲ ਹੋਣ ਦੀ ਜੱਦੋ-ਜਹਿਦ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਸ਼ੁਰੂਆਤ ਤੋਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੇ ਸੂਬੇ ਦੀ ਭਾਵਨਾਤਮਕ, ਸੱਭਿਆਚਾਰਕ, ਸਾਹਿਤਕ ਅਤੇ ਅਮੀਰ ਵਿਰਾਸਤ ਦਾ ਹਿੱਸਾ ਹੈ। ਉਨ੍ਹਾ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵਜੂਦ ਨੂੰ ਬਦਲਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਕਿਸੇ ਵੀ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਵਿਰੋਧੀ ਮਾਨਸਿਕਤਾ ਤੋਂ ਪੀੜਤ ਹੈ, ਜਿਸ ਕਾਰਨ ਉਹ ਸੂਬੇ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਭਾਜਪਾ ਸੂਬੇ ਦੀਆਂ ਝਾਕੀਆਂ ਨੂੰ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੰਦੀ। ਇਸੇ ਤਰ੍ਹਾਂ ਬੀ ਬੀ ਐੱਮ ਬੀ, ਪੰਜਾਬ ਯੂਨੀਵਰਸਿਟੀ ਅਤੇ ਹੋਰ ਮਾਮਲਿਆਂ ਵਿੱਚ ਬੇਲੋੜੀ ਦਖਲਅੰਦਾਜ਼ੀ ਭਗਵਾਂ ਪਾਰਟੀ ਦੇ ਸੂਬੇ ਪ੍ਰਤੀ ਵਿਰੋਧੀ ਰਵੱਈਏ ਨੂੰ ਦਰਸਾਉਦੀ ਹੈ।
ਉਹਨਾ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਵੱਖ-ਵੱਖ ਪ੍ਰੋਗਰਾਮਾਂ ਦੀ ਲੜੀ ਕਰਵਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਦੀ ਘਟਦੀ ਭਰੋਸੇਯੋਗਤਾ ਲੋਕਤੰਤਰ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾ ਕਿਹਾ ਕਿ ਜੇਕਰ ਕੋਈ ਰਾਜਨੀਤਕ ਪਾਰਟੀ ਈ ਵੀ ਐੱਮ ਅਤੇ ਵੋਟ ਚੋਰੀ ’ਤੇ ਸਵਾਲ ਉਠਾ ਰਹੀ ਹੈ ਤਾਂ ਚੋਣ ਕਮਿਸ਼ਨ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਹਾਲਾਂ ਕਿ ਚੋਣ ਕਮਿਸ਼ਨ ਇਸ ਪ੍ਰਤੀ ਚੁੱਪ ਹੈ, ਜਦੋਂ ਕਿ ਭਾਜਪਾ ਇਸ ਦੇ ਬੁਲਾਰੇ ਵਜੋਂ ਕੰਮ ਕਰ ਰਹੀ ਹੈ, ਜੋ ਕਿ ਸਰਾਸਰ ਗਲਤ ਹੈ।
ਇਸ ਮੌਕੇ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਟਾਲਾ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਮਿਲਣ ਨਾਲ ਬਹੁਤ ਲਾਭ ਮਿਲੇਗਾ।