ਵਿਨੀਪੈੱਗ : ਵਿਨੀਪੈਗ ਦੇ ਗੁਰਦੁਆਰਾ ਕਲਗ਼ੀਧਰ ਦਰਬਾਰ ਵਿਚ 2011 ਤੋਂ 2024 ਤੱਕ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖ਼ਾਹ ਹੋਣ ਦੇ ਬਾਵਜੂਦ 3. 32 ਲੱਖ ਡਾਲਰ ਮੁੱਲ ਵਾਲਾ ਘਰ ਬਗੈਰ ਕਰਜ਼ੇ ਤੋਂ ਖ਼ਰੀਦ ਲਿਆ। ਗੁਰਦੁਆਰਾ ਸਾਹਿਬ ਵਿਚ ਉਸ ਦੀ ਰਿਹਾਇਸ਼ ਵਾਲੇ ਕਮਰੇ ਵਿਚੋਂ 4.10 ਲੱਖ ਡਾਲਰ ਤੋਂ ਵੱਧ ਰਕਮ ਵੱਖਰੇ ਤੌਰ ’ਤੇ ਬਰਾਮਦ ਕੀਤੀ ਗਈ। ਇਸ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ 20 ਲੱਖ ਡਾਲਰ ਲੁੱਟਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ ਅਤੇ ਅਦਾਲਤ ਵੱਲੋਂ ਬੇਹਿਸਾਬੀ ਜਾਇਦਾਦ ਦਾ ਹਿਸਾਬ-ਕਿਤਾਬ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਫਰਵਰੀ 2024 ਵਿਚ ਸੁਖਵਿੰਦਰ ਸਿੰਘ ਦੀ ਤਨਖ਼ਾਹ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਡਾਲਰ ਮਹੀਨਾ ਕੀਤੀ ਗਈ। ਸੀਮਤ ਤਨਖ਼ਾਹ ਦੇ ਬਾਵਜੂਦ ਲੱਖਾਂ ਡਾਲਰ ਦੀ ਬਰਾਮਦਗੀ ਬਾਰੇ ਅਦਾਲਤ ਨੇ ਸਪੱਸ਼ਟੀਕਰਨ ਮੰਗਿਆ ਤਾਂ ਸੁਖਵਿੰਦਰ ਸਿੰਘ ਦੇ ਵਕੀਲ ਸਟੀਵਨ ਬਰੇਨ ਵੱਲੋਂ ਮੋਹਲਤ ਦੀ ਮੰਗ ਕੀਤੀ ਗਈ ਪਰ ਰਾਹਤ ਨਾ ਮਿਲ ਸਕੀ।
ਮੈਨੀਟੋਬਾ ਕੋਰਟ ਆਫ਼ ਕਿੰਗਜ਼ ਬੈਂਚ ਦੀ ਜਸਟਿਸ ਸਾਰਾ ਇਨੈਸ ਨੇ ਕਿਹਾ ਕਿ ਅਪਰਾਧਿਕ ਮਾਮਲੇ ਦੀ ਸੁਣਵਾਈ ਦੌਰਾਨ ਸੁਖਵਿੰਦਰ ਸਿੰਘ ਨੂੰ ਚੁੱਪ ਰਹਿਣ ਦਾ ਹੱਕ ਹੈ ਪਰ ਸਿਵਲ ਕਾਰਵਾਈ ਦੌਰਾਨ ਇਹ ਹੱਕ ਨਹੀਂ ਮਿਲਦਾ ਅਤੇ ਜਾਇਦਾਦ ਦਾ ਹਿਸਾਬ-ਕਿਤਾਬ ਦੇਣਾ ਹੀ ਪਵੇਗਾ। ਦੱਸ ਦੇਈਏ ਕਿ ਸੁਖਵਿੰਦਰ ਸਿੰਘ ਵਿਰੁੱਧ ਅਪਰਾਧਿਕ ਮੁਕੱਦਮਾ ਫਰਵਰੀ ਵਿਚ ਸ਼ੁਰੂ ਹੋਣਾ ਹੈ। ਰਿਪੋਰਟ ਮੁਤਾਬਕ ਸੁਖਵਿੰਦਰ ਸਿੰਘ ਉੱਤੇ ਸ਼ੱਕ ਹੋਣ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਸੀ.ਸੀ.ਟੀ.ਵੀ. ਕੈਮਰਾ ਲਗਵਾਇਆ ਗਿਆ, ਜੋ ਪਹਿਲੀ ਵਾਰ 18 ਮਿੰਟ ਬੰਦ ਰਿਹਾ, ਜਿਸ ਤੋਂ ਯਕੀਨ ਹੋ ਗਿਆ ਕਿ ਗੋਲਕ ਵਿੱਚੋਂ ਨਕਦੀ ਕੱਢੀ ਗਈ। ਅਦਾਲਤ ਵਿਚ ਲੱਗੇ ਦੋਸ਼ਾਂ ਮੁਤਾਬਕ ਦੂਜੇ ਕੈਮਰੇ ਦੀ ਫੁਟੇਜ ਵਿੱਚ ਸਿੰਘ ਨੂੰ ਗੁਰੂ ਘਰ ਦੇ ਗੋਲਕ ਵਿੱਚੋਂ ਨਕਦੀ ਕੱਢਦੇ ਹੋਏ ਵੇਖਿਆ ਗਿਆ। ਕੈਮਰੇ ਵਿਚ ਸੁਖਵਿੰਦਰ ਸਿੰਘ ਸਾਫ਼ ਤੌਰ ’ਤੇ ਗੋਲਕ ਵਿਚੋਂ ਨਕਦੀ ਕੱਢਦਿਆਂ ਨਜ਼ਰ ਆ ਰਿਹਾ ਹੈ। ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੈਸੇ, ਜਿਸ ਵਿੱਚ ਮੁੱਖ ਤੌਰ ’ਤੇ 100, 50 ਅਤੇ 20 ਡਾਲਰਾਂ ਦੇ ਨੋਟ ਸਨ, ਬੈੱਡ-ਸ਼ੀਟਾਂ ਵਿੱਚ ਲਪੇਟੇ ਹੋਏ ਪਲਾਸਟਿਕ ਦੇ ਡੱਬਿਆਂ ਵਿੱਚ ਛੁਪਾਏ ਗਏ ਸਨ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਹੋਰ ਜਾਂਚ ਵਿੱਚ ਗੁਰਦੁਆਰੇ ਵਿੱਚ ਸਿੰਘ ਦੇ ਰਹਿਣ ਵਾਲੇ ਕਮਰੇ ਵਿਚੋਂ 410,000 ਡਾਲਰ ਤੋਂ ਵੱਧ ਨਕਦੀ ਮਿਲੀ। ਕਲਗ਼ੀਧਰ ਸੰਸਥਾ ਵੱਲੋਂ ਪੁਲਸ ਨੂੰ ਇਸ ਦੀ ਰਿਪੋਰਟ ਕਰਨ ਤੋਂ ਬਾਅਦ ਪੈਸੇ ਜ਼ਬਤ ਕਰ ਲਏ ਗਏ ਸਨ ਤੇ ਗ੍ਰੰਥੀ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ।




