ਵੈਨਕੂਵਰ : ਸਥਾਨਕ ਪੁਲਸ ਨੇ ਰੁਟੀਨ ਚੈਕਿੰਗ ਦੌਰਾਨ ਮਾਲ ਦੀ ਪਾਰਕਿੰਗ ਵਿੱਚ ਕਾਰ ਲਗਾ ਕੇ ਸ਼ਰਾਬ ਪੀਂਦੇ ਅਤੇ ਭਰੀ ਹੋਈ ਨਾਜਾਇਜ਼ ਪਿਸਤੌਲ ਸਮੇਤ ਪੰਜਾਬ ਤੋਂ ਸਟੱਡੀ ਵੀਜ਼ੇ ’ਤੇ ਆਏ ਮੁੰਡੇ ਤੇ ਕੁੜੀ ਨੂੰ ਗਿ੍ਰਫਤਾਰ ਕੀਤਾ ਹੈ। ਦੋਹਾਂ ਦੀ ਪਛਾਣ ਜਗਦੀਪ ਸੀਹਰਾ (20) ਅਤੇ ਗੁਨੀਕ ਜਵੰਦਾ ਵਜੋਂ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਬਰੈਂਪਟਨ ਦੇ ਰਹਿਣ ਵਾਲੇ ਦੋਵੇਂ ਦੋ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸੀ। ਪੀਲ ਪੁਲਸ ਅਨੁਸਾਰ ਮੁੰਡੇ ਵਿਰੁੱਧ ਵੱਖ-ਵੱਖ ਸੱਤ ਦੋਸ਼ ਅਤੇ ਕੁੜੀ ਵਿਰੁੱਧ ਪੰਜ ਦੋਸ਼ ਆਇਦ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਲੜਕਾ ਨਾਜਾਇਜ਼ ਬੰਦੂਕ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ ’ਤੇ ਸੀ ਅਤੇ ਅਦਾਲਤ ਵੱਲੋਂ ਉਸ ਉੱਤੇ ਅਸਲਾ ਤੇ ਸ਼ਰਾਬ ਤੋਂ ਦੂਰ ਰਹਿਣ ਦੀਆਂ ਜ਼ਮਾਨਤੀ ਸ਼ਰਤਾਂ ਆਇਦ ਸਨ, ਜਦ ਕਿ ਲੜਕੀ ਕੁਝ ਹੀ ਮਹੀਨੇ ਪਹਿਲਾਂ ਬਾਲਗ ਹੋਈ ਸੀ। ਪੁਲਸ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਸਨ ਕਿ ਬਰੈਮਲੀ ਸੈਂਟਰ ਮਾਲ ਦੀ ਪਾਰਕਿੰਗ ਵਿੱਚ ਗੈਰ ਸਮਾਜੀ ਅਨਸਰ ਗਲਤ ਹਰਕਤਾਂ ਕਰਦੇ ਹਨ। ਇਸੇ ਵਾਸਤੇ ਉੱਥੇ ਖੜ੍ਹੇ ਸ਼ੱਕੀ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਸੀ ਤਾਂ ਦੋਵਾਂ ਨੂੰ ਕਾਲੇ ਰੰਗ ਦੇ ਪਿੱਕ ਅੱਪ ਵਿੱਚ ਸ਼ਰਾਬ ਪੀਂਦੇ ਵੇਖਿਆ ਗਿਆ। ਤਲਾਸ਼ੀ ਦੌਰਾਨ ਕਾਰ ਵਿਚੋਂ ਭਰੀ ਹੋਈ ਨਾਜਾਇਜ਼ ਪਿਸਤੌਲ ਵੀ ਮਿਲੀ।



