ਸੈਨੇਟ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਾਉਣ ਲਈ ਪੰਜਾਬ ਭਰ ਤੋਂ ਲੋਕ ਚੰਡੀਗੜ੍ਹ ਉਮੜੇ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ ਸੋਮਵਾਰ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਸੈਨੇਟ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਗਏ ‘ਪੀ ਯੂ ਬੰਦ’ ਦੇ ਸੱਦੇ ਦੌਰਾਨ ਕੈਂਪਸ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਹਜੂਮ ਨੂੰ ਕਾਬੂ ਕਰਨ ਲਈ ਵਾਧੂ ਪੁਲਸ ਬਲ ਸੱਦ ਲਏ ਗਏ। ਵਿਦਿਆਰਥੀਆਂ ਦੀ ਹਮਾਇਤ ਵਿੱਚ ਪੰਜਾਬ ਭਰ ਤੋਂ ਲੋਕ ਚੰਡੀਗੜ੍ਹ ਪੁੱਜੇ। ਵੱਡੀ ਗਿਣਤੀ ਕਿਸਾਨ ਪੰਜਾਬ ਯੂਨੀਵਰਸਿਟੀ ਵਿੱਚ ਦਾਖਲ ਹੋ ਗਏ। ਇਸ ਦੌਰਾਨ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ 50 ਤੋਂ 70 ਕਿਸਾਨਾਂ ਦਾ ਜਥਾ ਪੰਜਾਬ ਯੂਨੀਵਰਸਿਟੀ ਵਿੱਚ ਧਰਨਾ ਦੇਵੇਗਾ ਤੇ ਇਹ ਧਰਨਾ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਹੋਣ ਤੱਕ ਜਾਰੀ ਰਹੇਗਾ ਅਤੇ ਬਾਕੀ ਕਿਸਾਨ ਰਾਤ ਨੂੰ ਵਾਪਸ ਚਲੇ ਜਾਣਗੇ।
ਪੀ ਯੂ ਸੀ ਐੱਸ ਸੀ ਦੇ ਉਪ-ਪ੍ਰਧਾਨ ਅਸ਼ਮੀਤ ਸਿੰਘ ਨੇ ਦੋਸ਼ ਲਗਾਇਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਇੱਕ ਹੋਰ ਵਿਦਿਆਰਥੀ ਆਗੂ ਅਭਿਸ਼ੇਕ ਡਾਗਰ ਨੇ ਕਿਹਾ ਕਿ ਸਰਕਾਰ ਵੱਲੋਂ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਨਾਲ ਜੁੜੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਦਾਖਲ ਹੋਣੋਂ ਰੋਕਣ ਦੇ ਬਾਅਦ ਮੁਹਾਲੀ ਦੇ ਫੇਜ਼-6 ਦੇ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਕਿਸਾਨ ਬਾਅਦ ਵਿੱਚ ਯੂਨੀਵਰਸਿਟੀ ਕੈਂਪਸ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ਲੋਕ ਤੇ ਹੋਰ ਜਥੇਬੰਦੀਆਂ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਉਣ ਲਈ ਯੂਨੀਵਰਸਿਟੀ ਪੁੱਜੀਆਂ। ਸੰਘਰਸ਼ ਦੀ ਹਮਾਇਤ ਵਿੱਚ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਪੁਲਸ ਨੇ ਮੁਹਾਲੀ ਦੇ ਫੇਜ਼ ਛੇ ਦੇ ਨਜ਼ਦੀਕ ਰੋਕ ਲਿਆ ਸੀ। ਇਸ ਦੌਰਾਨ ਪੁਲਸ ਅਤੇ ਕਿਸਾਨਾਂ ਵਿਚਾਲੇ ਭਾਰੀ ਖਿੱਚ-ਧੂਹ ਹੋਈ ਅਤੇ ਕਿਸਾਨ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖਲ ਹੋ ਗਏ ਅਤੇ ਪੈਦਲ ਹੀ ਯੂਨੀਵਰਸਿਟੀ ਵੱਲ ਤੁਰ ਪਏ ।




