ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇੱਕ ਸਥਾਨਕ ਅਦਾਲਤ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ 12 ਜਣਿਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਧਮਾਕਾ ਇਸਲਾਮਾਬਾਦ ਜ਼ਿਲ੍ਹਾ ਅਦਾਲਤ ਦੇ ਐਂਟਰੀ ਪੁਆਇੰਟ ਨੇੜੇ ਹੋਇਆ, ਜਿੱਥੇ ਆਮ ਤੌਰ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਰਹਿੰਦੀ ਹੈ। ਸਥਾਨਕ ਮੀਡੀਆ ਨੇ ਘਟਨਾ ਸਥਾਨ ਦੀਆਂ ਕੁਝ ਤਸਵੀਰਾਂ ਵੀ ਨਸ਼ਰ ਕੀਤੀਆਂ ਹਨ, ਜਿਸ ਵਿਚ ਇੱਕ ਪੁਲਸ ਵੈਨ ਨੇੜੇ ਕਈ ਜਣੇ ਜ਼ਖਮੀ ਹੋਏ ਦਿਖਾਈ ਦੇ ਰਹੇ ਹਨ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਉਨ੍ਹਾ ਕਿਹਾ, ‘ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਧਮਾਕਾ ਕਿਵੇਂ ਹੋਇਆ, ਪਰ ਇਹ ਹਾਲੇ ਸਪੱਸ਼ਟ ਨਹੀਂ ਹੋਇਆ। ਅਸੀਂ ਆਪਣੀ ਫੋਰੈਂਸਿਕ ਟੀਮ ਤੋਂ ਰਿਪੋਰਟ ਮਿਲਣ ਤੋਂ ਬਾਅਦ ਹੋਰ ਵੇਰਵੇ ਦੇ ਸਕਾਂਗੇ।’


