‘ਮਾਨਸਾ ਦੇ ਦੁਕਾਨਦਾਰ ’ਤੇ ਫਾਇਰਿੰਗ ਦੀ ਸਾਜ਼ਿਸ਼ ਕੈਨੇਡਾ ’ਚ ਰਚੀ ਗਈ’

0
99

ਮਾਨਸਾ
(ਆਤਮਾ ਸਿੰਘ ਪਮਾਰ)
ਪੁਲਸ ਨੇ ਸ਼ਹਿਰ ਦੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾ ਸਤੀਸ਼ ਕੁਮਾਰ ਨੀਟੂ ’ਤੇ ਫਾਇਰਿੰਗ ਵਿੱਚ ਕੈਨੇਡਾ ਕੁਨੈਕਸ਼ਨ ਦੀ ਥਿਊਰੀ ਪੇਸ਼ ਕੀਤੀ ਹੈ। ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਨੀਟੂ ਦਾ ਬੇਟਾ ਕੈਨੇਡਾ ਦੇ ਸਰੀ ਵਿਖੇ ਪੜ੍ਹਦਾ ਹੈ ਅਤੇ ਕੁਆਇੰਟਲ ਸਟੂਡੈਂਟਸ ਯੂਨੀਅਨ ਦਾ ਮੀਤ ਪ੍ਰਧਾਨ ਹੈ।ਉਹ ਪ੍ਰਧਾਨ ਵੀ ਰਹਿ ਚੁੱਕਾ ਹੈ। ਉਸ ਦਾ ਵਿਰੋਧੀ ਗਰੁੱਪ ਉਸ ਦੀਆਂ ਸਰਗਰਮੀਆਂ ਤੋਂ ਔਖਾ ਸੀ।ਉਸ ਨੂੰ ਯਰਕਾਉਣ ਲਈ ਉਸ ਗਰੁੱਪ ਨੇ ਨੀਟੂ ਦੀ ਦੁਕਾਨ ’ਤੇ ਫਾਇਰਿੰਗ ਕਰਵਾਈ। ਇਸ ਦੇ ਪਿੱਛੇ ਮਕਸਦ ਪਰਵਾਰ ਨੂੰ ਸਿਰਫ ਡਰਾਉਣਾ-ਧਮਕਾਉਣਾ ਹੀ ਸੀ। ਪੁਲਸ ਨੇ ਇਹ ਸਾਰੀ ਸਾਜ਼ਿਸ਼ ਰਚਣ ਵਾਲੇ ਰਾਜਨ ਭਗਤ ਵਾਸੀ ਬਟਾਲਾ ਹਾਲ ਆਬਾਦ ਕੈਨੇਡਾ, ਸ਼ਰਨਜੀਤ ਸਿੰਘ ਔਲਖ ਉਰਫ ਸ਼ਰਨ ਔਲਖ ਵਾਸੀ ਗੁਰਦਾਸਪੁਰ ਹਾਲ ਆਬਾਦ ਕੈਨੇਡਾ ਤੇ ਜਸਪ੍ਰੀਤ ਸਿੰਘ ਉਰਫ ਜਸ ਗਿੱਲ ਵਾਸੀ ਲਾਲੋਮਾਜਰਾ ਹਾਲ ਆਬਾਦ ਆਸਟਰੇਲੀਆ ਨੂੰ ਨਾਮਜ਼ਦ ਕੀਤਾ ਹੈ। ਦੋਸ਼ੀਆਂ ਨੂੰ ਫੜਨ ਲਈ ਲੋਕਾਂ ਨੇ ਸ਼ਹਿਰ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ। 28 ਅਕਤੂਬਰ ਨੂੰ ਨੀਟੂ ’ਤੇ ਮੋਟਰ ਸਾਈਕਲ ਸਵਾਰ 2 ਵਿਅਕਤੀ ਗੋਲੀਆਂ ਵਰ੍ਹਾ ਕੇ ਫਰਾਰ ਹੋ ਗਏ ਸਨ।ਪੁਲਸ ਨੇ ਜਾਂਚ ਦੌਰਾਨ ਗੁਰਸਾਹਿਬ ਸਿੰਘ ਵਾਸੀ ਨਾਨਕਪੁਰਾ ਰੋਪੜ, ਰਮਨਪ੍ਰੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਬਲਜਿੰਦਰ ਸਿੰਘ ਵਾਸੀ ਚਮਕੌਰ ਸਾਹਿਬ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਪਾਸੋਂ 2 ਪਿਸਤੌਲ, 8 ਕਾਰਤੂਸ ਬਰਾਮਦ ਕੀਤੇ ਸਨ। ਗੁਰਸਾਹਿਬ ਸਿੰਘ ਤੋਂ ਪੁੱਛਗਿੱਛ ਦੌਰਾਨ ਪੁਲਸ ਨੇ ਮਨਜੋਤ ਸਿੰਘ ਵਾਸੀ ਮਸਾਣੀ, ਜ਼ਿਲਾ ਜਲੰਧਰ ਨੂੰ ਪਿੰਡ ਖਾਨਪੁਰ ਤੋਂ ਕਾਬੂ ਕਰਕੇ ਉਸ ਪਾਸੋਂ ਇਕ ਪਿਸਤੌਲ 9 ਐੱਮ ਐੱਮ, 2 ਕਾਰਤੂਸ, 1 ਪਿਸਤੌਲ 32 ਬੋਰ ਤੇ 4 ਕਾਰਤੂਸ ਬਰਾਮਦ ਕੀਤੇ ਸਨ।