ਨਵੀਂ ਦਿੱਲੀ : ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਨੂੰ ਸੌਂਪ ਦਿੱਤੀ ਗਈ ਹੈ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਹੋਰ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਸੱਦੀ ਹੈ। ਦਿੱਲੀ ਪੁਲਸ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤੇ ਵਿਸਫੋਟਕ ਐਕਟ ਤਹਿਤ ਐੱਫ ਆਈ ਆਰ ਦਰਜ ਕੀਤੀ ਹੈ। ਪੁਲਸ ਨੇ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਕਿਉਂਕਿ ਮੁੱਢਲੀ ਜਾਂਚ ਵਿਚ ਧਮਾਕੇ ਦੇ ਤਾਰ ਫਰੀਦਾਬਾਦ ’ਚ ਸਾਹਮਣੇ ਆਏ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਣ ਦਾ ਸੰਕੇਤ ਮਿਲਿਆ ਹੈ। ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਕੌਮੀ ਰਾਜਧਾਨੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਧਮਾਕੇ ਦੇ ਸਾਜ਼ਿਸ਼ਘਾੜਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ ਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ। ਇਸੇ ਦੌਰਾਨ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਬਾਹਰ ਹੋਏ ਧਮਾਕੇ ਤੋਂ ਇੱਕ ਦਿਨ ਬਾਅਦ, ਜੰਮੂ-ਕਸ਼ਮੀਰ ਪੁਲਸ ਨੇ ਪੁੱਛਗਿੱਛ ਲਈ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜੰਮੂ-ਕਸ਼ਮੀਰ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਡਾਕਟਰ ਉਮਰ ਨਬੀ ਦਾ ਭਰਾ ਵੀ ਸ਼ਾਮਲ ਹੈ, ਜੋ ਜੰਮੂ ਕਸ਼ਮੀਰ ਪੁਲਸ ਵੱਲੋਂ ਫਰੀਦਾਬਾਦ ਵਿੱਚ ਉਸੇ ਅਲ-ਫਲਾਹ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ ਇੱਕ ਹੋਰ ਡਾਕਟਰ ਨੂੰ ਫੜਨ ਅਤੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਸੂਤਰਾਂ ਨੇ ਕਿਹਾ ਕਿ ਦਿੱਲੀ ਵਿਚ ਸੋਮਵਾਰ ਨੂੰ ਹੋਏ ਧਮਾਕੇ ਨੂੰ ਜੰਮੂ-ਕਸ਼ਮੀਰ ਪੁਲੀਸ ਵੱਲੋਂ ਬੇਨਕਾਬ ਕੀਤੇ ਗਏ ਅਤਿਵਾਦੀ ਮਾਡਿਊਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਡਾਕਟਰ ਮੁਜ਼ਾਮਿਲ ਅਹਿਮਦ ਗਨਾਈ ਉਰਫ਼ ਮੁਸਾਇਬ ਵੀ ਸ਼ਾਮਲ ਹੈ, ਜੋ ਪੁਲਵਾਮਾ ਦੇ ਕੋਇਲ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਫਰੀਦਾਬਾਦ ਦੇ ਧੌਜ ਵਿੱਚ ਯੂ ਜੀ ਸੀ-ਮਾਨਤਾ ਪ੍ਰਾਪਤ ਅਲ-ਫਲਾਹ ਯੂਨੀਵਰਸਿਟੀ ਵਿੱਚ ਕੰਮ ਕਰ ਰਿਹਾ ਸੀ। ਯੂ ਪੀ ਦੀ ਇੱਕ ਮਹਿਲਾ ਡਾਕਟਰ ਅਤੇ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਕੰਮ ਕਰਨ ਵਾਲੀ ਸ਼ਾਹੀਨ ਸ਼ਾਹਿਦ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਉਮਰ ਹੀ ਸੋਮਵਾਰ ਸ਼ਾਮ ਨੂੰ ਆਈ-20 ਕਾਰ ਚਲਾ ਰਿਹਾ ਸੀ। ਇੱਕ ਅਧਿਕਾਰੀ ਨੇ ਕਿਹਾ, ‘ਉਮਰ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜਾਂਚ ਜਾਰੀ ਹੈ।’ ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਸ ਵੱਲੋਂ ਮੁਜ਼ਾਮਿਲ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ, ਉਮਰ ਫਰਾਰ ਹੈ। ਪੁਲਸ ਅਨੁਸਾਰ ਸੋਮਵਾਰ ਨੂੰ ਦਿੱਲੀ ਵਿਚ ਧਮਾਕੇ ਲਈ ਵਰਤੀ ਗਈ ਕਾਰ ਦੀ ਮਾਲਕੀ ਦਾ ਪਤਾ ਲਗਾਉਂਦੇ ਹੋਏ ਦੱਖਣੀ ਕਸ਼ਮੀਰ ਵਿੱਚ ਉਪਰੋਕਤ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਮੀਰ ਰਸ਼ੀਦ, ਜਿਸ ਦੇ ਆਧਾਰ ਕਾਰਡ ਨੂੰ ਕਾਰ ਖਰੀਦਣ ਵੇਲੇ ਵਰਤਿਆ ਗਿਆ ਸੀ, ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦਾ 18 ਸਾਲਾ ਨੌਮਾਨ ਅੰਸਾਰੀ ਜੋ ਆਪਣੀ ਦੁਕਾਨ ਲਈ ਕਾਸਮੈਟਿਕਸ ਖਰੀਦਣ ਦਿੱਲੀ ਆਇਆ ਸੀ, ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਜ਼ਬਰਦਸਤ ਧਮਾਕੇ ’ਚ ਮਾਰਿਆ ਗਿਆ। ਨੌਮਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਚਚੇਰਾ ਭਰਾ ਅਮਨ ਜ਼ਖਮੀ ਹੋ ਗਿਆ ਅਤੇ ਦਿੱਲੀ ਦੇ ਲੋਕ ਨਾਇਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਾਰੇ ਗਏ ਲੋਕਾਂ ਵਿੱਚ ਇੱਕ ਡੀ.ਟੀ.ਸੀ. ਕੰਡਕਟਰ ਅਸ਼ੋਕ ਕੁਮਾਰ (34) ਵੀ ਸ਼ਾਮਲ ਹੈ, ਜੋ ਅਮਰੋਹਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇੱਕ ਹੋਰ ਮਿ੍ਰਤਕ ਦੀ ਪਛਾਣ 22 ਸਾਲਾ ਪੰਕਜ ਸਾਹਨੀ ਵਜੋਂ ਹੋਈ ਹੈ, ਜੋ ਟੈਕਸੀ ਚਲਾਉਂਦਾ ਸੀ।





