ਪਟਿਆਲਾ : ਇੱਥੇ ਨਵੇਂ ਬੱਸ ਸਟੈਂਡ ਵਿਖੇ ਪੀ ਆਰ ਟੀ ਸੀ ਵਰਕਰਜ ਐਕਸ਼ਨ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਇੰਟਕ, ਐੱਸ ਸੀ ਬੀ ਸੀ, ਸੀਟੂ, ਅਜ਼ਾਦ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਵਰਕਰਾਂ ਦੀਆਂ ਹੱਕੀ ਮੰਗਾਂ ਅਤੇ ਤਨਖਾਹ ਪੈਨਸ਼ਨ ਦਾ ਅਜੇ ਤੱਕ ਵੀ ਭੁਗਤਾਨ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਮੰਗਲਵਾਰ ਰੋਸ ਭਰਪੂਰ ਧਰਨਾ ਅਤੇ ਰੈਲੀ ਕੀਤੀ ਗਈ। ਧਰਨੇ ਵਿੱਚ ਪੀ ਆਰ ਟੀ ਸੀ ਦੇ ਸਾਰੇ ਡਿਪੂਆਂ ਵਿਚੋਂ ਵੱਡੀ ਗਿਣਤੀ ਵਿੱਚ ਮੌਜੂਦਾ ਅਤੇ ਸੇਵਾ-ਮੁਕਤ ਕਰਮਚਾਰੀ ਪੁੱਜੇ। ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਰਾਕੇਸ਼ ਕੁਮਾਰ ਦਾਤਾਰਪੁਰੀ, ਇੰਦਰਪਾਲ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲ ਪੀ ਆਰ ਟੀ ਸੀ ਦੀ 600 ਕਰੋੜ ਰੁਪਏ ਤੋਂ ਵੱਧ ਦੀ ਰਕਮ ਮੁਫ਼ਤ ਸਫਰ ਸਹੂਲਤਾਂ ਦੀ ਪੈਂਡਿੰਗ ਪਈ ਹੈ, ਪਰ ਇਹ ਮੁਲਾਜ਼ਮ-ਮਜ਼ਦੂਰ ਵਿਰੋਧੀ ਸਰਕਾਰ ਵਰਕਰਾਂ ਨੂੰ ਤਨਖਾਹ-ਪੈਨਸ਼ਨ ਦਾ ਭੁਗਤਾਨ ਕਰਨ ਲਈ ਵੀ ਪੈਸੇ ਨਹੀਂ ਦੇ ਰਹੀ। ਹਰ ਮਹੀਨੇ ਇਹੀ ਹਾਲ ਹੁੰਦਾ ਹੈ, ਕਦੇ 10 ਤਰੀਕ, ਕਦੇ 15 ਤਰੀਕ ਅਤੇ ਕਦੇ 20 ਤਰੀਕ ਨੁੰ ਧਰਨੇ-ਮੁਜ਼ਾਹਰੇ ਕਰਨ ਉਪਰੰਤ ਹੀ ਭੁਗਤਾਨ ਹੁੰਦਾ ਹੈ।ਚੇਅਰਮੈਨ ਪੀ ਆਰ ਟੀ ਸੀ ਅਤੇ ਉਨ੍ਹਾਂ ਨਾਲ ਵਾਈਸ ਚੇਅਰਮੈਨ ਅਤੇ 56 ਡਾਇਰੈਕਟਰ ਇਹ ਸਾਰੇ ‘ਆਪ’ ਦੇ ਸਿਆਸੀ ਕਾਰਕੁਨ ਅਹੁਦਿਆਂ ਨਾਲ ਇੱਥੇ ਨਿਵਾਜੇ ਹੋਏ ਹਨ, ਪਰ ਜੇਕਰ ਪੀ ਆਰ ਟੀ ਸੀ ਵਿੱਚ ਕਿਸੇ ਕਿਸਮ ਦੀ ਬਿਹਤਰੀ ਜਾਂ ਸਮੱਸਿਆਵਾਂ ਦੇ ਹੱਲ ਵੱਲ ਨਜ਼ਰ ਮਾਰੀਏ ਤਾਂ ਇਨ੍ਹਾਂ ਸਭਨਾਂ ਦੀ ਕਾਰਗੁਜਾਰੀ ਜ਼ੀਰੋ ਦੇ ਬਰਾਬਰ ਹੈ।ਵਰਕਰਾਂ ਦੇ ਹੱਕਾਂ ’ਤੇ ਸ਼ਰੇਆਮ ਡਾਕਾ ਵੱਜ ਰਿਹਾ ਹੈ।ਨਾ ਤਨਖਾਹਨਾ ਪੈਨਸ਼ਨ ਸਮੇਂ ਸਿਰ ਮਿਲਦੀ ਹੈ, ਨਾ ਹੀ ਚਾਰ ਸਾਲਾਂ ਵਿੱਚ ਇੱਕ ਵੀ ਬੱਸ ਦੀ ਖਰੀਦ ਕੀਤੀ ਗਈ, ਸਰਕਾਰ ਪੀ ਆਰ ਟੀ ਸੀ ਸਫਰ ਦੀਆਂ ਮੁਫ਼ਤ ਸਹੂਲਤਾਂ ਬਦਲੇ ਬਣਦੇ 600 ਕਰੋੜ ਰੁਪਏ ਨਹੀਂ ਦੇ ਰਹੀ, ਵਰਕਰਾਂ ਦੇ 150 ਕਰੋੜ ਰੁਪਏ ਦੇ ਬਕਾਏ ਖੜੇ ਹਨ।ਕੰਟਰੈਕਟ/ ਆਊਟ ਸੋਰਸ ਵਰਕਰਾਂ ਨੂੰ ਅਦਾਲਤ ਦੇ ਫੈਸਲੇ ਦੇ ਬਾਵਜੂਦ ਪੱਕੇ ਨਹੀਂ ਕੀਤਾ ਜਾ ਰਿਹਾ, ਡਰਾਈਵਰ, ਕੰਡਕਟਰਾਂ ਅਤੇ ਸੁਪਰਵਾਈਜ਼ਰੀ ਸਟਾਫ ਨੂੰ ਟੀ ਏ/ਡੀ ਏ ਦੀ ਵਧੇ ਹੋਏ ਰੇਟਾਂ ਮੁਤਾਬਿਕ ਅਦਾਇਗੀ ਨਹੀਂ ਕੀਤੀ ਜਾ ਰਹੀ।8240 ਨੰਬਰ ਰਿੱਟ ਅਨੁਸਾਰ ਰੈਗੂਲਰ ਹੋਏ ਕਰਮਚਾਰੀਆਂ ਨੂੰ ਅਜੇ ਤੱਕ ਪੈਨਸ਼ਨ ਸਕੀਮ ਦਾ ਮੈਂਬਰ ਨਹੀਂ ਬਣਾਇਆ ਗਿਆ, ਤਰਸ ਦੇ ਆਧਾਰ ’ਤੇ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਸੰਨ 2004 ਤੋਂ ਬਾਅਦ ਭਰਤੀ ਹੋਏ ਕੁਝ ਹੱਕਦਾਰ ਵਰਕਰਾਂ ਨੂੰ ਪੈਨਸ਼ਨ ਸਕੀਮ ਵਿੱਚ ਨਹੀਂ ਲਿਆ ਜਾ ਰਿਹਾ।ਸੇਵਾ-ਮੁਕਤ ਕਰਮਚਾਰੀਆਂ ਨੂੰ 2 ਸਾਲਾਂ ਬਾਅਦ ਮਿਲਣ ਵਾਲੀ ਐੱਲ ਟੀ ਸੀ ਨਹੀਂ ਦਿੱਤੀ ਜਾ ਰਹੀ, ਪੇ ਕਮਿਸ਼ਨ ਦੇ ਬਕਾਏ ਸਰਕਾਰੀ ਹਦਾਇਤਾਂ ਦੇ ਬਾਵਜੂਦ ਦੇਣੇ ਸ਼ੁਰੂ ਨਹੀਂ ਕੀਤੇ ਗਏ। 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ 400 ਕੁ ਸੋ ਸੇਵਾ ਮੁਕਤ ਬਜੁਰਗ ਕਰਮਚਾਰੀਆਂ ਨੂੰ ਪੈਨਸ਼ਨ ਦੇ ਘੇਰੇ ਵਿੱਚ ਨਹੀਂ ਲਿਆ ਜਾ ਰਿਹਾ।ਪੀ ਆਰ ਟੀ ਸੀ ਦੀਆਂ ਕੁੱਝ ਜਾਇਦਾਦਾਂ ਨੂੰ ਬੇਲੋੜੇ ਹੀ ਵੇਚਣ ਦੀਆ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।ਵਰਕਰਾਂ ਨਾਲ ਬਦਲੀਆਂ ਅਤੇ ਪ੍ਰਸ਼ਾਸ਼ਨਿਕ ਕਾਰਵਾਈਆਂ ਕਰਨ ਸਮੇਂ ਭਾਰੀ ਵਿਤਕਰੇਬਾਜੀ ਕੀਤੀ ਜਾਦੀ ਹੈ। ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਵਰਕਸ਼ਾਪ ਵਿੱਚ ਕਾਫੀ ਘਾਟਾ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦੂਰ ਨਹੀਂ ਕੀਤਾ ਜਾ ਰਿਹਾ।ਬੱਸ ਸਟੈਂਡ ਦੀ ਬੇਮਿਆਰੀ ਉਸਾਰੀ ਅਤੇ ਗਲਤ ਯੋਜਨਾਬੰਦੀ ਨਾਲ ਹੋਏ ਜਾਂ ਭਵਿੱਖ ਵਿੱਚ ਹੋਣ ਵਾਲੇ ਖਰਚੇ ਅਤੇ ਨੁਕਸਾਨ ਦਾ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ ਆਦਿ। ਅਨੇਕਾਂ ਮਸਲੇ ਹਨ, ਜਿਨ੍ਹਾਂ ਸੰਬੰਧੀ ਮੈਨੇਜਮੈਂਟ ਨਾਲ ਅਨੇਕਾਂ ਮੀਟਿੰਗਾਂ ਵੀ ਹੋਈਆਂ ਹਨ, ਪਰ ਕੋਈ ਸਾਰਥਕ ਹੱਲ ਨਹੀਂ ਕੱਢਿਆ ਜਾਂਦਾ, ਜਿਸ ਕਰਕੇ ਵਰਕਰਾਂ ਅਤੇ ਸੇਵਾ-ਮੁਕਤ ਕਰਮਚਾਰੀਆਂ ਵਿੱਚ ਨਾਰਾਜਗੀ ਅਤੇ ਗੁੱਸਾ ਪਾਇਆ ਜਾ ਰਿਹਾ ਹੈ।
ਰੈਲੀ ਦੇ ਅੰਤ ਵਿੱਚ ਐਕਸ਼ਨ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਤਨਖਾਹਪੈਨਸ਼ਨ ਤੁਰੰਤ ਨਾ ਪਾਈ ਗਈ ਅਤੇ ਬਾਕੀ ਮੰਗਾਂ ਤੇ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਕੋਈ ਜਲਦੀ ਹੱਲ ਨਾ ਕੱਢਿਆ ਗਿਆ ਤਾਂ 24 ਨਵੰਬਰ ਨੂੰ ਮੁੱਖ ਦਫਤਰ ਪੀ ਆਰ ਟੀ ਸੀ ਪਟਿਆਲਾ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਖਾਲੀ ਪੀਪੇ ਖੜਕਾ ਕੇ ਦਿੱਤਾ ਜਾਵੇਗਾ। ਰੈਲੀ ਵਿੱਚ ਜਿਹੜੇ ਹੋਰ ਮੁੱਖ ਆਗੂ ਹਾਜ਼ਰ ਸਨ, ਉਨ੍ਹਾਂ ਵਿੱਚ ਦਲਜੀਤ ਸਿੰਘ, ਗੰਡਾ ਸਿੰਘ, ਤਰਸੇਮ ਸਿੰਘ, ਰਮੇਸ਼ ਕੁਮਾਰ ਤੇ ਨਸੀਬ ਚੰਦ ਆਦਿ ਸ਼ਾਮਲ ਸਨ।




